ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾ ਕੇ, ਮੁੰਬਈ ਫਾਈਨਲ ''ਚ

Friday, May 19, 2017 2:42 PM
ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾ ਕੇ, ਮੁੰਬਈ ਫਾਈਨਲ ''ਚ
ਬੰਗਲੌਰ— ਲੈੱਗ ਸਪਿਨਰ ਕਰਣ ਸ਼ਰਮਾ (16 ਦੌੜਾਂ ''ਤੇ 4 ਵਿਕਟਾਂ) ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (7 ਦੌੜਾਂ ''ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਮੁੰਬਈ ਨੇ ਕੋਲਕਾਤਾ ਨੂੰ ਦੂਜੇ ਕੁਆਲੀਫਾਇਰ ਵਿਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਟੀ-20 ਲੀਗ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ।
ਮੁੰਬਈ ਨੇ ਕੋਲਕਾਤਾ ਨੂੰ 18.5 ਓਵਰਾਂ ਵਿਚ ਸਿਰਫ 107 ਦੌੜਾਂ ''ਤੇ ਢੇਰ ਕਰਨ ਤੋਂ ਬਾਅਦ 14.3 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ''ਤੇ 111 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ ਤੇ ਫਾਈਨਲ ਵਿਚ ਸਥਾਨ ਬਣਾਇਆ, ਜਿਥੇ ਐਤਵਾਰ ਨੂੰ ਉਸਦਾ ਮੁਕਾਬਲਾ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਪੁਣੇ ਨਾਲ ਹੋਵੇਗਾ। 2013 ਤੇ 2015 ਵਿਚ 2 ਵਾਰ ਖਿਤਾਬ ਜਿੱਤ ਚੁੱਕੀ ਮੁੰਬਈ ਦੀ ਟੀਮ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ। ਮੁੰਬਈ 2010 ਵਿਚ ਉਪ ਜੇਤੂ ਰਹੀ ਸੀ। ਇਸ ਹਾਰ ਦੇ ਨਾਲ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਦਾ ਤੀਜੀ ਵਾਰ ਫਾਈਨਲ ਵਿਚ ਪਹੁੰਚਣ ਦਾ ਸੁਪਨਾ ਟੁੱਟ ਗਿਆ। ਕੋਲਕਾਤਾ ਦਾ ਬੱਲੇਬਾਜ਼ੀ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਰਿਹਾ ਤੇ ਉਸਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਫੈਸਲਾਕੁੰਨ ਮੌਕੇ ''ਤੇ ਆਪਣੇ ਹਥਿਆਰ ਸੁੱਟ ਦਿੱਤੇ।
ਛੋਟੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਨੇ ਲੇਂਡਲ ਸਿਮਨਸ (3), ਪਾਰਥਿਵ ਪਟੇਲ (14) ਤੇ ਅੰਬਾਤੀ ਰਾਇਡੂ (6) ਦੀਆਂ ਵਿਕਟਾਂ 34 ਦੌੜਾਂ ''ਤੇ ਗੁਆਈਆਂ। ਲੈੱਗ ਸਪਿਨਰ ਪਿਊਸ਼ ਚਾਵਲਾ ਨੇ ਸਿਮਨਸ ਤੇ ਰਾਇਡੂ ਨੂੰ ਆਊਟ ਕੀਤਾ, ਜਦਕਿ ਉਮੇਸ਼ ਯਾਦਵ ਨੇ ਪਟੇਲ ਦੀ ਵਿਕਟ ਲਈ ਪਰ ਇਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ (26) ਤੇ ਕੁਣਾਲ ਪੰਡਯਾ (ਅਜੇਤੂ 45) ਨੇ ਚੌਥੀ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਨੂੰ ਜਿੱਤ ਦੇ ਰਸਤੇ ''ਤੇ ਪਾ ਦਿੱਤਾ।
ਪੰਡਯਾ ਨੇ 30 ਗੇਂਦਾਂ ''ਤੇ 7 ਚੌਕਿਆਂ ਦੀ ਮਦਦ ਨਾਲ ਅਜੇਤੂ 45 ਦੌੜਾਂ ਤੇ ਕੀਰੋਨ ਪੋਲਾਰਡ ਨੇ ਅਜੇਤੂ 9 ਦੌੜਾਂ ਬਣਾ ਕੇ ਮੁੰਬਈ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ। ਜੇਤੂ ਚੌਕਾ ਲਗਾਉਂਦਿਆਂ ਹੀ ਮੁੰਬਈ ਦਾ ਪੂਰਾ ਖੇਮਾ ਖੁਸ਼ੀ ਵਿਚ ਨੱਚ ਉਠਿਆ ।
ਇਸ ਤੋਂ ਪਹਿਲਾਂ ਲੈੱਗ ਸਪਿਨਰ ਕਰੁਣ ਸ਼ਰਮਾ (16 ਦੌੜਾਂ ''ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ ''ਤੇ ਮੁੰਬਈ ਨੇ ਕੋਲਕਾਤਾ ਨਾਈਟ ਨੂੰ 18.5 ਓਵਰਾਂ ਵਿਚ ਸਿਰਫ 107 ਦੌੜਾਂ ''ਤੇ ਢੇਰ ਕਰ ਦਿੱਤਾ। ਕਰਣ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 16 ਦੌੜਾਂ ਦੇ ਕੇ ਸੁਨੀਲ ਨਾਰਾਇਣ, ਗੌਤਮ ਗੰਭੀਰ, ਇਸ਼ਾਂਕ ਜੱਗੀ ਤੇ ਕੋਲਿਨ ਡੀ ਗ੍ਰੈਂਡਹੋਮ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਕੋਲਕਾਤਾ ਵਲੋਂ ਜੱਗੀ ਨੇ 28 ਤੇ ਸੂਰਯ ਕੁਮਾਰ ਯਾਦਵ ਨੇ 31 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਕੋਲਕਾਤਾ ਦੀ ਟੀਮ 100 ਦੌੜਾਂ ਪਾਰ ਕਰ ਸਕੀ। ਜਸਪ੍ਰੀਤ ਬੁਮਰਾਹ ਨੇ 3 ਓਵਰਾਂ ਵਿਚ ਸਿਰਫ 7 ਦੌੜਾਂ ਦੇ ਕੇ ਤਿੰਨ ਵਿਕਟਾਂ ਤੇ ਮਿਸ਼ੇਲ ਜਾਨਸਨ ਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟਾਸ ਹਾਰ ਜਾਣ ਤੋਂ ਬਾਅਦ ਕੋਲਕਾਤਾ ਦੀ ਖੌਫਨਾਕ ਸ਼ੁਰੂਆਤ ਰਹੀ ਤੇ 31 ਦੌੜਾਂ ਤਕ ਪਹੁੰਚਦੇ-ਪਹੁੰਚਦੇ ਉਸਦੇ ਚੋਟੀ ਦੇ ਪੰਜ ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ।