ਦੀਵਾਲੀ ''ਤੇ ਆਤਿਸ਼ਬਾਜ਼ੀ ਕਰਨ ਉਤਰੇਗਾ ਬੋਰਡ ਇਲੈਵਨ

10/19/2017 3:30:22 AM

ਮੁੰਬਈ— ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਦੀ ਮਹਿਮਾਨ ਨਿਊਜ਼ੀਲੈਂਡ ਵਿਰੁੱਧ ਵੀਰਵਾਰ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿਚ ਹੋਣ ਵਾਲੇ ਦੂਜੇ ਇਕ ਦਿਨਾ ਅਭਿਆਸ ਮੈਚ ਵਿਚ ਵੀ ਕੀਵੀਆਂ ਨੂੰ ਝਟਕਾ ਦੇ ਕੇ ਦੀਵਾਲੀ 'ਤੇ ਆਤਿਸ਼ਬਾਜ਼ੀ ਕਰਨ ਦੇ ਇਰਾਦੇ ਨਾਲ ਉਤਰੇਗੀ। ਬੋਰਡ ਪ੍ਰੈਜ਼ੀਡੈਂਟ ਇਲੈਵਨ ਨੇ ਪਹਿਲੇ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ 30 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਵੀ ਭਾਰਤ-ਏ ਟੀਮ ਨੇ ਨਿਊਜ਼ੀਲੈਂਡ-ਏ ਨੂੰ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਹਰਾਇਆ ਸੀ। ਨਿਊਜ਼ੀਲੈਂਡ-ਏ ਟੀਮ ਦੇ ਕੁਝ ਖਿਡਾਰੀ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼  ਦਾ ਪਹਿਲਾ ਮੈਚ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਣਾ ਹੈ।
ਬੋਰਡ ਇਲੈਵਨ ਨੇ ਪਹਿਲੇ ਅਭਿਆਸ ਮੈਚ ਵਿਚ 9 ਵਿਕਟਾਂ 'ਤੇ 295 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ  ਦੀ ਚੁਣੌਤੀ ਨੂੰ 47.4 ਓਵਰਾਂ ਵਿਚ 265 ਦੌੜਾਂ 'ਤੇ ਰੋਕ ਦਿੱਤਾ ਸੀ। ਇਸ ਹਾਰ ਵਿਚ ਕੀਵੀ ਟੀਮ ਲਈ ਇਹ ਇਕ ਚੰਗੀ ਗੱਲ ਰਹੀ ਕਿ ਉਸ ਦੇ ਚੋਟੀ ਕ੍ਰਮ ਦੇ ਛੇ ਬੱਲੇਬਾਜ਼ਾਂ ਨੇ ਕ੍ਰੀਜ਼ 'ਤੇ ਟਿਕ ਕੇ ਦੌੜਾਂ ਬਣਾਈਆਂ। ਹਾਲਾਂਕਿ ਇਨ੍ਹਾਂ ਵਿਚੋਂ ਸਿਰਫ ਟਾਮ ਲਾਥਮ (59) ਹੀ ਅਰਧ ਸੈਂਕੜਾ ਬਣਾਉਣ ਵਿਚ ਕਾਮਯਾਬ ਹੋ ਸਕਿਆ। ਕੀਵੀ ਟੀਮ ਇਸ ਪ੍ਰਦਰਸ਼ਨਤੋਂ ਇਹ ਉਮੀਦ ਕਰ ਸਕਦੀ ਹੈ ਕਿ ਉਹ ਭਾਰਤ ਵਿਰੁੱਧ ਪਹਿਲੇ ਵਨ ਡੇ ਵਿਚ ਸਖਤ ਚੁਣੌਤੀ ਪੇਸ਼ ਕਰੇਗੀ, ਜਿਸ ਨੇ ਹਾਲ ਹੀ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 5 ਮੈਚਾਂ ਦੀ ਸੀਰੀਜ਼ ਵਿਚ 4-1 ਨਾਲ ਹਰਾਇਆ ਸੀ। ਨਿਊਜ਼ੀਲੈਂਡ ਦੀ ਇਸ ਹਾਰ ਵਿਚ ਇਕ ਹੋਰ ਉਤਸ਼ਾਹਜਨਕ ਪ੍ਰਦਰਸ਼ਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦਾ ਰਿਹਾ, ਜਿਸ ਨੇ 9 ਓਵਰਾਂ ਵਿਚ 38 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਬੋਲਟ ਇਕ ਦਿਨਾ ਸੀਰੀਜ਼ ਵਿਚ ਭਾਰਤ ਲਈ ਖਤਰਾ ਪੈਦਾ ਕਰ ਸਕਦਾ ਹੈ।
ਭਾਰਤ ਨੂੰ ਧਿਆਨ ਰੱਖਣਾ ਪਵੇਗਾ ਕਿ ਕਿਸ ਤਰ੍ਹਾਂ ਉਸ ਦੇ ਬੱਲੇਬਾਜ਼ਾਂ ਨੇ ਗੁਹਾਟੀ ਵਿਚ ਦੂਜੇ ਟੀ-20 ਮੁਕਾਬਲੇ ਵਿਚ ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਸਨ ਬਹਿਰਨਡੌਰਫ ਦੇ ਸਾਹਮਣੇ ਗੋਡੇ ਟੇਕ ਦਿੱਤੇ ਸਨ। ਬਹਿਰਨਡੌਰਫ ਨੇ ਚਾਰ ਓਵਰਾਂ ਵਿਚ ਸਿਰਫ 21 ਦੌੜਾਂ ਦੇ ਕੇ ਭਾਰਤ ਦੇ ਚੋਟੀ ਦੇ ਚਾਰ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ਿਖਰ ਧਵਨ, ਕਪਤਾਨ ਵਿਰਾਟ ਕੋਹਲੀ ਤੇ ਮਨੀਸ਼ ਪਾਂਡੇ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਸੀ। ਬੋਰਡ ਇਲੈਵਨ ਲਈ ਪਿਛਲੇ ਅਭਿਆਸ ਮੈਚ ਵਿਚ ਉਸਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ 17 ਸਾਲ ਦੇ ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ ਤੇ ਕਰੁਣ ਨਾਇਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ 66, 68 ਤੇ 78 ਦੌੜਾਂ ਬਣਾਈਆਂ ਸਨ। ਰਾਹੁਲ ਨੂੰ ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਲਈ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਪਹਿਲੇ ਮੈਚ ਵਿਚ ਅਰਧ ਸੈਂਕੜੇ ਤੋਂ ਬਾਅਦ ਉਸਦੇ ਕੋਲ ਦੂਜੇ ਮੈਚ ਵਿਚ ਵੀ ਖੁਦ ਨੂੰ ਸਾਬਤ ਕਰਨ ਦਾ ਮੌਕਾ ਰਹੇਗਾ। 
ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਵਿਕਟ 'ਤੇ ਟਿਕਣ ਦੀ ਸਮਰੱਥਾ ਦਿਖਾਉਣੀ ਪਵੇਗੀ। ਪਿਛਲੇ ਰਣਜੀ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਤ ਦਾ ਹਾਲ ਹੀ ਵਿਚ ਬੱਲੇ ਨਾਲ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਹੈ। ਉਸ ਨੇ 23 ਸਤੰਬਰ ਨੂੰ ਵਿਜਯਾਵਾੜਾ ਵਿਚ ਨਿਊਜ਼ੀਲੈਂਡ-ਏ ਵਿਰੁੱਧ 67 ਤੇ ਉਸ ਤੋਂ ਪਹਿਲਾਂ 1 ਅਗਸਤ ਨੂੰ ਪ੍ਰੀਟੋਰੀਆ ਵਿਚ ਅਫਗਾਨਿਸਤਾਨ-ਏ ਵਿਰੁੱਧ 60 ਦੌੜਾਂ ਬਣਾਈਆਂ ਸਨ। ਇਨ੍ਹਾਂ ਦੋ ਅਰਧ ਸੈਂਕੜਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਬੱਲਾ ਉਮੀਦਾਂ ਅਨੁਸਾਰ ਨਹੀਂ ਬੋਲਿਆ। ਬੋਰਡ ਇਲੈਵਨ ਦੀ ਟੀਮ ਜੇਕਰ ਇਸ ਮੈਚ ਵਿਚ ਵੀ ਨਿਊਜ਼ੀਲੈਂਡ ਨੂੰ ਝਟਕਾ ਦੇ ਦਿੰਦੀ ਹੈ ਤਾਂ ਮਹਿਮਾਨ ਟੀਮ ਦਾ ਵਨ ਡੇ ਸੀਰੀਜ਼ ਸੁਰੂ ਹੋਣ ਤੋਂ ਪਹਿਲਾਂ ਹੀ ਮਨੋਬਲ ਡਿੱਗ ਜਾਵੇਗਾ ਪਰ ਇਸ ਮੈਚ ਨੂੰ ਜਿੱਤਣ ਦੀ ਸਥਿਤੀ ਵਿਚ ਕੀਵੀ ਟੀਮ ਵਨ ਡੇ ਸੀਰੀਜ਼ ਵਿਚ ਵਧੇ ਹੋਏ ਮਨੋਬਲ ਨਾਲ ਉਤਰੇਗੀ।


Related News