ਸਿਰਫ 19 ਚਾਲਾਂ ''ਚ ਆਨੰਦ-ਕਰਜ਼ਾਕਿਨ ਦਾ ਮੈਚ ਡਰਾਅ

12/10/2017 3:45:04 AM

ਲੰਡਨ— ਲੰਡਨ ਕਲਾਸਿਕ ਸ਼ਤਰੰਜ ਦੇ ਛੇਵੇਂ ਰਾਊਂਡ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ  ਨੇ ਰੂਸ ਦੇ ਸੇਰਜੀ ਕਰਜ਼ਾਕਿਨ ਨਾਲ ਡਰਾਅ ਖੇਡਿਆ ਜਿਹੜਾ ਕਿ 6 ਮੈਚਾਂ ਵਿਚ ਉਸਦਾ 5ਵਾਂ ਡਰਾਅ ਰਿਹਾ। 
ਹੁਣ ਖਿਡਾਰੀਆਂ ਵਿਚਾਲੇ ਅੰਕਾਂ ਦਾ ਫਰਕ ਬਹੁਤ ਜ਼ਿਆਦਾ ਨਹੀਂ ਹੈ ਤੇ ਜੇਕਰ ਆਨੰਦ ਅਗਲੇ 3 ਮੈਚਾਂ ਵਿਚੋਂ ਇਕ ਵਿਚ ਵੀ ਵੱਡੀ ਜਿੱਤ ਦਰਜ ਕਰਦਾ ਹੈ ਤਾਂ ਉਹ ਹੁਣ ਵੀ ਚੋਟੀ ਦੇ ਖਿਡਾਰੀਆਂ ਵਿਚ ਜਗ੍ਹਾ ਬਣਾ ਸਕਦਾ ਹੈ।
ਆਨੰਦ ਨੇ ਅੱਜ ਇੰਗਲਿਸ਼ ਓਪਨਿੰਗ ਵਿਚ ਇਕ ਚੰਗੀ ਪਕੜ ਬਣਾਈ ਸੀ ਤੇ ਅਜਿਹਾ ਲੱਗਾ ਕਿ ਸ਼ਾਇਦ ਉਹ ਦਬਾਅ ਬਣਾ ਕੇ ਜਿੱਤਣ ਲਈ ਜਾ ਸਕਦਾ ਹੈ ਪਰ ਪਿਛਲੇ ਮੈਚ ਵਿਚ ਹੋਏ ਗਲਤ ਮੁਲਾਂਕਣ ਨਾਲ ਨੁਕਸਾਨ ਤੋਂ ਬਾਅਦ ਉਸ ਨੇ ਅੱਜ ਸੁਰੱਖਿਅਤ ਖੇਡਣਾ ਬਿਹਤਰ ਸਮਝਿਆ ਤੇ ਮੈਚ ਸਿਰਫ 19 ਚਾਲਾਂ ਵਿਚ ਹੀ ਬਰਾਬਰੀ 'ਤੇ ਖਤਮ ਹੋ ਗਿਆ।
ਉਥੇ ਹੀ ਅੱਜ ਦੀ ਇਕਲੌਤੀ ਜਿੱਤ ਰੂਸ ਦੇ ਨੌਜਵਾਨ ਖਿਡਾਰੀ ਇਯਾਨ ਨੇਪੋਮਨਿਆਚੀ ਨੇ ਦਰਜ ਕੀਤੀ।  ਉਸ ਨੇ ਧਾਕੜ ਤੇ ਤਜਰਬੇਕਾਰ ਇੰਗਲੈਂਡ ਦੇ ਮਾਈਕਲ ਐਡਮਸ ਨੂੰ ਹਾਰ ਦਾ ਸਵਾਦ ਚਖਾਇਆ। ਸਿਸਿਲੀਅਨ  ਨਜਫੋਰਡ ਵਿਚ ਹੋਏ ਇਸ ਮੁਕਾਬਲੇ ਵਿਚ ਸ਼ੁਰੂਆਤ ਤੋਂ ਹੀ ਮਾਈਕਲ ਬਿਹਤਰ ਸਥਿਤੀ ਵਿਚ ਸੀ ਤੇ ਵਜ਼ੀਰ ਵਲੋਂ ਉਸਦੇ ਪਿਆਦੇ ਉਸ ਨੂੰ ਚੰਗੀ ਬੜ੍ਹਤ ਦੇ ਰਹੇ ਸਨ ਪਰ ਲਗਾਤਾਰ ਕੁਝ ਗਲਤ ਚਾਲਾਂ ਤੋਂ ਪਹਿਲਾਂ ਉਸ ਨੇ ਆਪਣੇ ਪਿਆਦੇ ਗੁਆਏ ਤੇ ਫਿਰ ਲਗਭਗ ਡਰਾਅ ਐਂਡ ਗੇਮ ਵਿਚ ਉਹ ਆਪਣੇ ਹਾਥੀ ਤੇ ਰਾਜਾ ਦਾ ਸਹੀ ਇਸਤੇਮਾਲ ਨਹੀਂ ਕਰ ਸਕਿਆ ਤੇ 86 ਚਾਲਾਂ ਤਕ ਚੱਲੇ ਇਸ ਮੁਕਾਬਲੇ ਵਿਚ ਉਸ ਨੂੰ ਅੰਤ ਹਾਰ ਦਾ ਸਾਹਮਣਾ ਕਰਨਾ ਪਿਆ। 
ਸਭ ਤੋਂ ਵੱਧ ਚਰਚਾ ਵਿਚ ਰਹੇ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਚਾਲੇ ਹੋਏ ਮੁਕਾਬਲੇ  ਵਿਚ ਜਿੱਥੇ ਨਾਕਾਮੁਰਾ ਇਕ ਮੋਹਰਾ ਵੱਧ ਹੋਣ ਤੋਂ ਬਾਅਦ ਵੀ ਜਿੱਤ ਨਹੀਂ ਦਰਜ ਕਰ ਸਕਿਆ ਤੇ ਬੇਹੱਦ ਹੀ ਉਸਦੀ ਅਖੀਰਲੇ ਸਮੇਂ ਵਿਚ ਚੱਲੀ ਗਈ ਇਕ ਗਲਤ ਚਾਲ ਨਾਲ ਕਾਰਲਸਨ ਨੂੰ ਜੀਵਨਦਾਨ ਮਿਲ ਗਿਆ। 73 ਚਾਲਾਂ ਵਿਚ ਮੈਚ ਬਰਾਬਰੀ 'ਤੇ ਖਤਮ ਹੋਇਆ।
ਹੋਰਨਾਂ ਮੁਕਾਬਲਿਆਂ ਵਿਚ ਅਰਮੀਨੀਆ ਦੇ ਲੇਵਾਨ ਅਰੋਨੀਅਨ ਨੇ ਅਮਰੀਕਾ ਦੇ ਵੇਸਲੀ ਸੋ ਨਾਲ ਤੇ ਅਮਰੀਕਾ ਦੇ ਫੇਬੀਆਨੋ ਕਾਰੂਆਨਾ ਨੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਨਾਲ ਡਰਾਅ ਖੇਡਿਆ। 
6 ਰਾਊਂਡਾਂ ਤੋਂ ਬਾਅਦ ਕਾਰੂਆਨਾ 4 ਅੰਕਾਂ  ਨਾਲ ਪਹਿਲੇ, ਨੇਪੋਮਨਿਆਚੀ 3.5 ਅੰਕਾਂ ਨਾਲ ਦੂਜੇ, ਆਰੋਨੀਅਨ, ਕਾਰਲਸਨ, ਵੇਸਲੀ ਸੋ, ਮੈਕਿਸਮ ਤੇ ਨਾਕਾਮੁਰਾ 3 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਅਤੇ ਆਨੰਦ, ਕਰਜ਼ਾਕਿਨ ਤੇ ਐਡਮਸ 2.5 ਅੰਕਾਂ 'ਤੇ ਖੇਡ ਰਹੇ ਹਨ।


Related News