ਸ਼ਾਨਦਾਰ ਸੈਂਕੜੇ ਤੋਂ ਬਾਅਦ ਰੇਲਵੇ ਹਰਮਨਪ੍ਰੀਤ ਨੂੰ ਦੇਵੇਗਾ ਪ੍ਰਮੋਸ਼ਨ

07/23/2017 7:58:35 AM

ਮੁੰਬਈ— ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਇੰਤਜ਼ਾਰ ਪ੍ਰਮੋਸ਼ਨ ਅਤੇ ਸਨਮਾਨ ਕਰ ਰਹੇ ਹਨ ਜਿਨ੍ਹਾਂ ਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟਰੇਲੀਆ ਦੀ ਬੇਹੱਦ ਮਜ਼ਬੂਤ ਟੀਮ ਦੇ ਖਿਲਾਫ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ ਫਾਈਨਲ ਵਿਚ ਜਗ੍ਹਾ ਦਿਵਾਈ। ਸੈਮੀਫਾਈਨਲ 'ਚ 28 ਸਾਲਾ ਦੀ ਇਸ ਸੱਜੇ ਹੱਥ ਦੀ ਬੱਲੇਬਾਜ਼ ਨੇ 115 ਗੇਂਦਾਂ 'ਚ 171 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਹਰਮਨਪ੍ਰੀਤ ਦੇ ਰੋਜ਼ਗਾਰਦਾਤਾ ਪੱਛਮੀ ਰੇਲਵੇ ਦੇ ਮੁੰਬਈ ਡਿਵੀਜ਼ਨ ਨੇ ਕਿਹਾ ਕਿ ਇਸ ਮਹਿਲਾ ਬੱਲੇਬਾਜ਼ ਨੇ ਅਸਧਾਰਨ ਪ੍ਰਤਿਭਾ ਦਿਖਾਈ ਇਸ ਲਈ ਉਸ ਦੇ ਪ੍ਰਮੋਸ਼ਨ ਦੀ ਸਿਫਾਰਸ਼ ਰੇਲਵੇ ਬੋਰਡ ਤੋਂ ਕੀਤੀ ਜਾਵੇਗੀ। ਪੱਛਮੀ ਰੇਲਵੇ ਦੇ ਮੁੱਖ ਪੀ.ਆਰ.ਓ ਰਵਿੰਦਰ ਭਾਸਕਰ ਨੇ ਕਿਹਾ, ''ਯਕੀਨੀ ਤੌਰ 'ਤੇ ਅਸੀਂ ਪ੍ਰਮੋਸ਼ਨ ਦੇ ਲਈ ਉਸ ਦੇ ਨਾਂ ਦੀ ਸਿਫਾਰਸ਼ ਰੇਲਵੇ ਮੰਤਰਾਲਾ ਨੂੰ ਕਰਾਂਗੇ। ਉਸ ਦੇ ਵਾਪਸ ਆਉਣ 'ਤੇ ਅਸੀਂ ਉਸ ਦਾ ਸਨਮਾਨ ਵੀ ਕਰਾਂਗੇ।''

ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਫਿਲਹਾਲ ਮੁੰਬਈ 'ਚ ਚੀਫ ਆਫਿਸ ਸੁਪਰੀਡੈਂਟ ਹੈ। ਭਾਸਕਰ ਨੇ ਕਿਹਾ, ''ਜਦੋਂ ਵੀ ਸਾਡੇ ਖਿਡਾਰੀ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ, ਅਸੀਂ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਪ੍ਰਮੋਸ਼ਨ ਲਈ ਕਰਦੇ ਹਾਂ।'' ਮੱਧ ਰੇਲਵੇ ਦੇ ਸੀਨੀਅਰ ਅਧਿਕਾਰੀ ਅਤੇ ਰੇਲਵੇ ਦੀ ਮਹਿਲਾ ਕ੍ਰਿਕਟ ਟੀਮ ਚੁਣਨ ਵਾਲੀ ਕਮੇਟੀ ਦੇ ਪ੍ਰਮੁੱਖ ਸੁਨੀਲ ਉਦਾਸੀ ਨੇ ਕਿਹਾ ਕਿ ਰੇਲਵੇ ਹਮੇਸ਼ਾ ਆਪਣੇ ਖਿਡਾਰੀਆਂ ਦਾ ਖਿਆਲ ਰਖਦਾ ਹੈ ਅਤੇ ਉਨ੍ਹਾਂ ਨੂੰ ਸਹੀ ਟਰੇਨਿੰਗ ਮੁਹੱਈਆ ਕਰਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਭਾਰਤੀ ਰਾਸ਼ਟਰੀ ਟੀਮ ਵਿਚ ਸ਼ਾਮਲ ਕਪਤਾਨ ਮਿਤਾਲੀ ਰਾਜ, ਏਕਤਾ ਬਿਸ਼ਟ, ਪੂਨਮ ਰਾਊਤ, ਵੇਦਾ ਕ੍ਰਿਸ਼ਨਮੂਰਤੀ, ਪੂਨਮ ਯਾਦਵ, ਸੁਸ਼ਮਾ ਦੇਵੀ, ਮੋਨਾ ਮੇਸ਼ਰਾਮ, ਰਾਜੇਸ਼ਵਰੀ ਗਾਇਕਵਾੜ ਅਤੇ ਨਜ਼ਹਤ ਪਰਵੀਨ ਰੇਲਵੇ ਤੋਂ ਹਨ।


Related News