ਕ੍ਰਿਕਟ 'ਚ ਪਾਕਿ ਹੱਥੋਂ ਕਰਾਰੀ ਹਾਰ ਦੇ ਬਾਅਦ ਵੀ ਇਨ੍ਹਾਂ ਖਿਡਾਰੀਆਂ ਦੇ ਘਰਾਂ 'ਚ ਜਸ਼ਨ ਦਾ ਮਾਹੌਲ

06/21/2017 2:50:54 PM

ਨਵੀਂ ਦਿੱਲੀ— ਇੰਗਲੈਂਡ ਦੇ ਲੰਡਨ 'ਚ ਕ੍ਰਿਕਟ ਅਤੇ ਹਾਕੀ 'ਚ ਭਾਰਤ ਅਤੇ ਪਾਕਿਸਤਾਨੀ ਟੀਮਾਂ ਆਹਮੋ-ਸਾਹਮਣੇ ਸਨ। ਕ੍ਰਿਕਟ 'ਚ ਭਾਰਤੀ ਟੀਮ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਹਾਕੀ ਟੀਮ ਨੇ ਪਾਕਿਸਤਾਨ ਟੀਮ ਨੂੰ 7-1 ਦੇ ਫਰਕ ਨਾਲ ਹਰਾਇਆ। ਇਨ੍ਹਾਂ 'ਚੋਂ ਜਲੰਧਰ ਦੇ ਤਲਵਿੰਦਰ ਸਿੰਘ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋ ਗੋਲ ਦਾਗੇ। ਭਾਰਤ ਨੇ ਸੈਮਫਾਈਨਲ ਮੁਕਾਬਲੇ 'ਚ ਪਾਕਿ ਨੂੰ 7-1 ਨਾਲ ਹਰਾਇਆ। ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਖਿਡਾਰੀਆਂ ਦੇ ਪਰਿਵਾਰਾਂ ਨੇ ਰਾਤ ਭਰ ਭੰਗੜਾ ਪਾ ਕੇ ਜਸ਼ਨ ਮਨਾਏ। ਮੌਜੂਦਾ ਭਾਰਤੀ ਟੀਮ 'ਚ ਜਲੰਧਰ ਨਾਲ ਸਬੰਧਤ 4 ਖਿਡਾਰੀ ਖੇਡ ਰਹੇ ਹਨ ਜਿਨ੍ਹਾਂ 'ਚੋਂ ਤਿੰਨ ਖਿਡਾਰੀ ਮਿੱਠਾਪੁਰ ਪਿੰਡ ਦੇ ਹਨ। ਇਨ੍ਹਾਂ 'ਚ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਕੋਰੀਅਨ, ਮਨਦੀਪ ਸਿੰਘ, ਤਲਵਿੰਦਰ ਸਿੰਘ ਅਤੇ ਜਸਜੀਤ ਸਿੰਘ ਕੁਲਾਰ ਸ਼ਾਮਲ ਹਨ।


ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਕੋਰੀਅਨ ਦੀ ਮਾਂ ਮਨਜੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈਚ ਤੋਂ ਪਹਿਲਾ ਮਨਪ੍ਰੀਤ ਨੇ ਉਨ੍ਹਾਂ ਨਾਲ ਫੋਨ ਉੱਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ। ਉਨ੍ਹਾਂ ਕਿਹਾ ਕਿ ਭਾਵੇ ਬਹੁਤੇ ਲੋਕ ਕ੍ਰਿਕਟ ਟੀਮ ਦਾ ਮੈਚ ਦੇਖਣ 'ਚ ਮਸ਼ਰੂਫ ਸਨ ਪਰ ਉਨ੍ਹਾਂ ਦੇ ਸਾਰੇ ਪਿੰਡ ਮਿੱਠਾਪੁਰ ਵਾਸੀਆਂ ਦੇ ਟੈਲੀਵਿਜ਼ਨਾਂ 'ਤੇ ਹਾਕੀ ਦਾ ਮੈਚ ਹੀ ਚੱਲ ਰਿਹਾ ਸੀ।  ਉਨ੍ਹਾਂ ਕਿਹਾ ਕਿ ਮੈਚ ਜਿੱਤਣ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਹੁਣ ਵੀ ਸਾਰੇ ਖਿਡਾਰੀਆਂ ਦੇ ਪਰਿਵਾਰ ਭੰਗੜਾ ਪਾ ਰਹੇ ਹਨ। ਭਾਰਤੀ ਟੀਮ ਦੀ ਜਿੱਤ ਉੱਤੇ ਉਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਹਾਕੀ ਫੈਡਰੈਸ਼ਨਾਂ ਨੇ ਵੀ ਵਧਾਈ ਦਿੱਤੀ ਹੈ।


Related News