ਅਭਿਨਵ ਮੁਕੁੰਦ ਨੂੰ ਮਿਲਿਆ ਕਪਤਾਨ ਵਿਰਾਟ ਅਤੇ ਅਸ਼ਵਿਨ ਦਾ ਸਮਰਥਨ

Sunday, August 13, 2017 11:49 AM
ਅਭਿਨਵ ਮੁਕੁੰਦ ਨੂੰ ਮਿਲਿਆ ਕਪਤਾਨ ਵਿਰਾਟ ਅਤੇ ਅਸ਼ਵਿਨ ਦਾ ਸਮਰਥਨ

ਨਵੀਂ ਦਿੱਲੀ— ਟੀਮ ਇੰਡੀਆ ਦੇ ਓਪਨਰ ਅਭਿਨਵ ਮੁਕੁੰਦ ਨੂੰ ਨਸਲੀ ਟਿੱਪਣੀ ਮਾਮਲੇ 'ਚ ਕਪਤਾਨ ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਦਾ ਸਮਰਥਨ ਮਿਲਿਆ ਹੈ। ਕੋਹਲੀ ਨੇ ਟਵੀਟ ਕੀਤਾ, ਬਹੁਤ ਚੰਗਾ ਕਿਹਾ ਅਭਿਨਵ। ਮੁਕੁੰਦ ਨੇ ਸੋਸ਼ਲ ਮੀਡੀਆ 'ਤੇ ਨਸਲੀ ਟਿੱਪਣੀਆਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਆਪਣੀ ਚਮੜੀ ਦੇ ਰੰਗ ਦੇ ਕਾਰਨ ਉਹ ਖੁਦ ਸਾਲਾਂ ਤੋਂ ਇਹ ਅਪਮਾਨ ਝੱਲਦੇ ਆਏ ਹਨ।

ਅਸ਼ਵਿਨ ਨੇ ਲਿਖਿਆ, ਪੜ੍ਹੋ ਅਤੇ ਸਿੱਖੋ। ਇਸ ਨੂੰ ਵੱਡਾ ਮਸਲਾ ਨਾ ਬਣਾਓ, ਕਿਉਂਕਿ ਇਹ ਕਿਸੇ ਦੀਆਂ ਭਾਵਨਾਵਾਂ ਹਨ। ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵੀ ਮੁਕੁੰਦ ਦਾ ਬਿਆਨ ਪੜ੍ਹਨ ਦੇ ਬਾਅਦ ਉਨ੍ਹਾਂ ਦੇ ਸਮਰਥਨ 'ਚ ਆਈ। ਆਪਣੇ ਟਵਿੱਟਰ ਪੇਜ 'ਤੇ ਇਕ ਬਿਆਨ 'ਚ ਮੁਕੁੰਦ ਨੇ ਚਮੜੀ ਦੇ ਰੰਗ ਨੂੰ ਲੈ ਕੇ ਭੇਜੇ ਗਏ ਕੁਝ ਸੰਦੇਸ਼ਾਂ 'ਤੇ ਨਿਰਾਸ਼ਾ ਜਤਾਈ ਸੀ। ਮੁਕੁੰਦ ਨੇ ਸ਼੍ਰੀਲੰਕਾ ਦੇ ਖਿਲਾਫ ਮੌਜੂਦਾ ਸੀਰੀਜ਼ 'ਚ ਪਹਿਲਾ ਟੈਸਟ ਖੇਡ ਕੇ ਦੂਜੀ ਪਾਰੀ 'ਚ 81 ਦੌੜਾਂ ਬਣਾਈਆਂ ਸਨ। ਤਾਮਿਲਨਾਡੂ ਦੇ ਇਸ ਬੱਲੇਬਾਜ਼ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ 'ਚ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਮੈਂਬਰ ਦਾ ਕੋਈ ਸਰੋਕਾਰ ਨਹੀਂ ਹੈ। 

ਕੀ ਕਿਹਾ ਸੀ ਮੁਕੁੰਦ ਨੇ
ਅਭਿਨਵ ਮੁਕੁੰਦ ਨੇ ਸੋਸ਼ਲ ਮੀਡੀਆ 'ਤੇ ਇਕ ਪੱਤਰ ਲਿਖ ਕੇ ਨਸਲਵਾਦ ਦੇ ਖਿਲਾਫ ਸਖਤ ਮੁਹਿੰਮ ਛੇੜੀ ਸੀ। ਮੁਕੁੰਦ ਦਸਦੇ ਹਨ ਕਿ ਉਨ੍ਹਾਂ ਦੇ ਰੰਗ ਕਾਰਨ ਉਨ੍ਹਾਂ ਨੂੰ ਕਈ ਚੁਭਣ ਵਾਲੀਆਂ ਟਿੱਪਣੀਆਂ ਸਹਿਣੀਆਂ ਪਈਆਂ, ਜਿਸ ਤੋਂ ਉਹ ਕਈ ਵਾਰ ਦੁਖੀ ਹੋ ਗਏ। ਆਪਣੀ ਖ਼ਤ 'ਚ ਉਨ੍ਹਾਂ ਨਸਲਵਾਦ ਕਰਨ ਵਾਲਿਆਂ ਲੋਕਾਂ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪੱਤਰ 'ਚ ਲਿਖਿਆ, ਮੈਨੂੰ ਕਈ ਨਾਵਾਂ ਨਾਲ ਬੁਲਾਇਆ ਜਾ ਰਿਹਾ ਹੈ। ਮੈਂ ਇਨ੍ਹਾਂ ਗੱਲਾਂ ਨੂੰ ਹੱਸ ਕੇ ਨਜ਼ਰਅੰਦਾਜ਼ ਕਰ ਦਿੰਦਾ ਹਾਂ। ਮੈਂ ਇਹ ਬਚਪਨ ਤੋਂ ਝਲ ਰਿਹਾ ਹਾਂ ਅਤੇ ਇਨ੍ਹਾਂ ਗੱਲਾਂ ਨੇ ਮੈਨੂੰ ਮਜ਼ਬੂਤ ਬਣਾਇਆ ਹੈ। ਮੈਂ ਅਜਿਹੀਆਂ ਗੱਲਾਂ ਦਾ ਜਵਾਬ ਨਹੀਂ ਦਿੰਦਾ ਪਰ ਅੱਜ ਮੈਂ ਉਨ੍ਹਾਂ ਸਾਰਿਆਂ ਲੋਕਾਂ ਵੱਲੋਂ ਬੋਲ ਰਿਹਾ ਹਾਂ ਜੋ ਰੰਗਭੇਦ ਦਾ ਸ਼ਿਕਾਰ ਹੋਏ ਹਨ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਸਿਰਫ ਗੋਰਾ ਹੀ ਸੋਹਣਾ ਰੰਗ ਨਹੀਂ ਹੁੰਦਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!