ਕੋਚ ਅਜਿਹਾ ਹੋਵੇ ਜੋ ਮੈਚ ਜਿੱਤੇ ਅਤੇ ਕੋਹਲੀ ਨੂੰ ''ਬੌਸ'' ਮੰਨੇ : ਗਾਂਗੁਲੀ

06/27/2017 6:43:58 PM

ਨਵੀਂ ਦਿੱਲੀ— ਅਨਿਲ ਕੁੰਬਲੇ ਵੱਲੋਂ ਭਾਰਤੀ ਟੀਮ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਹੁਣ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਨੇ ਬੀ.ਸੀ.ਸੀ.ਆਈ. ਤੋਂ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹਾ ਕੋਚ ਚਾਹੀਦਾ ਹੈ। ਸੂਬਾ ਐਸੋਸੀਏਸ਼ਨਾਂ ਦੀ ਇਕ ਮੀਟਿੰਗ 'ਚ ਸ਼ਿਰਕਤ ਕਰਨ ਪਹੁੰਚੇ ਸੀ.ਏ.ਸੀ. ਦੇ ਤਿੰਨ ਮੈਂਬਰਾਂ 'ਚੋਂ ਇਕ ਸੌਰਵ ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ (ਸੀ.ਏ.ਸੀ. ਮੈਂਬਰ) ਕਿਸ ਤਰ੍ਹਾਂ ਦਾ ਕੋਚ ਭਾਲ ਰਹੇ ਹਨ, ਤਾਂ ਉਨ੍ਹਾਂ ਕਿਹਾ, ''ਅਜਿਹਾ, ਜੋ ਸਾਡੇ ਲਈ ਕ੍ਰਿਕਟ ਮੈਚ ਜਿੱਤ ਸਕੇ।'' ਤਿੰਨ ਮੈਂਬਰੀ ਪੈਨਲ ਦੇ ਸਾਹਮਣੇ ਕੋਚ ਦੀ ਚੋਣ ਕਰਨ ਦੇ ਲਈ ਇਹ ਪਹਿਲੀ ਸ਼ਰਤ ਹੈ।

ਕਪਤਾਨ ਨੂੰ ਹੀ ਰਹਿਣ ਦਿਓ ਬੌਸ
ਚੁਣੇ ਜਾਣ ਵਾਲੇ ਕੋਚ ਦੀ ਇਕ ਹੋਰ ਕਾਬਲੀਅਤ ਇਹ ਹੋਣੀ ਚਾਹੀਦੀ ਹੈ ਕਿ ਉਹ ਵਿਰਾਟ ਕੋਹਲੀ ਨਾਲ ਤਾਲਮੇਲ ਬਿਠਾ ਸਕੇ ਅਤੇ ਕਪਤਾਨ ਨੂੰ ਹੀ ਬੌਸ ਰਹਿਣ ਦੇਵੇ। ਬੀ.ਸੀ.ਸੀ.ਆਈ. ਦੇ ਕਾਰਜਵਾਹਕ ਪ੍ਰਧਾਨ ਅਮਿਤਾਭ ਚੌਧਰੀ ਨੇ ਕਿਹਾ ਸੀ ਕਿ ਕੁੰਬਲੇ-ਕੋਹਲੀ ਦਾ ਕਿੱਸਾ ਬੀ.ਸੀ.ਸੀ.ਆਈ. ਦੇ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ।

ਇਨ੍ਹਾਂ ਤਿੰਨਾਂ 'ਤੇ ਹੈ ਕੋਚ ਚੁਣਨ ਦੀ ਜ਼ਿੰਮੇਵਾਰੀ
ਉਨ੍ਹਾਂ ਕਿਹਾ ਕਿ ਨਵੇਂ ਕੋਚ ਦੀ ਚੋਣ ਦੇ ਲਈ ਸੀ.ਏ.ਸੀ. ਬੀ.ਸੀ.ਸੀ.ਆਈ. ਤੋਂ ਦਿਸ਼ਾ ਨਿਰਦੇਸ਼ ਲਵੇਗੀ ਅਤੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਨਵਾਂ ਕੋਚ ਟੀਮ ਇੰਡੀਆ ਨੂੰ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਕੋਚ ਅਹੁਦੇ ਦੀ ਬੇਨਤੀ ਦੇ ਲਈ ਬੀ.ਸੀ.ਸੀ.ਆਈ. ਨੇ ਤਰੀਕਾਂ ਅੱਗੇ ਵਧਾ ਦਿੱਤੀਆਂ ਹਨ। ਹੁਣ 9 ਜੁਲਾਈ ਤੱਕ ਇਸ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸੀ.ਏ.ਸੀ. 'ਚ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਵੀ.ਵੀ.ਐੱਸ. ਲਕਸ਼ਮਣ ਹਨ, ਜਿਨ੍ਹਾਂ 'ਤੇ ਨਵਾਂ ਕੋਚ ਚੁਣਨ ਦੀ ਜ਼ਿੰਮੇਵਾਰੀ ਹੈ।


Related News