'ਇਸ ਸਮੇਂ ਅਸੀਂ ਸ਼ਾਨਦਾਰ ਲੈਅ 'ਚ ਹਾਂ, ਉਮੀਦ ਹੈ ਇਸ ਨੂੰ ਜਾਰੀ ਰੱਖਾਂਗੇ'

06/09/2017 8:49:52 PM

ਮੁੰਬਈ— ਭਾਰਤੀ ਫੁੱਟਬਾਲ ਟੀਮ ਦੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ ਬੈਂਗਲੁਰੂ 'ਚ ਕਿਰਗਿਸਤਾਨ ਵਿਰੁੱਧ 13 ਜੂਨ ਨੂੰ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ ਕੁਆਲੀਫਾਇਰਸ ਮੁਕਾਬਲੇ ਤੋਂ ਪਹਿਲਾਂ ਕਿਹਾ ਹੈ ਕਿ ਟੀਮ ਦੀਆਂ ਤਿਆਰੀਆਂ ਪੁਖਤਾ ਹਨ ਤੇ ਉਸ ਦਾ ਟੀਚਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ।
ਭਾਰਤੀ ਫੁੱਟਬਾਲ ਟੀਮ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਪ੍ਰਦਰਸ਼ਨ 'ਚ ਬਹੁਤ ਸੁਧਾਰ ਕੀਤਾ ਹੈ ਤੇ ਪਿਛਲੇ 7 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਉਸ ਨੇ ਪਿਛਲੇ ਮੈਚ 'ਚ ਨੇਪਾਲ ਨੂੰ 2-0 ਨਾਲ ਹਰਾਇਆ ਸੀ। ਸ਼ੇਤਰੀ ਨੇ ਕਿਹਾ, ''ਅਸੀਂ ਕਿਰਗਿਸਤਾਨ ਵਿਰੁੱਧ ਘਰੇਲੂ ਮੈਦਾਨ 'ਤੇ ਨਿਸ਼ਚਿਤ ਰੂਪ ਨਾਲ ਜਿੱਤ ਦੇ ਟੀਚੇ ਨਾਲ ਉਤਰਾਂਗੇ। ਵਿਰੋਧੀ ਟੀਮ ਨੂੰ ਭਾਵੇਂ ਹੀ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੋਵੇ ਪਰ ਉਸ ਦੇ ਵਿਰੁੱਧ ਜਿੱਤ ਹਾਸਲ ਕਰ ਕੇ 2019 'ਚ ਹੋਣ ਵਾਲੇ ਏਸ਼ੀਅਨ ਕੱਪ ਲਈ ਕੁਆਲੀਫਾਈ ਕਰਨ ਦੇ ਸਾਡੇ ਮੌਕੇ ਵਧ ਜਾਣਗੇ।''
ਉਸ ਨੇ ਕਿਹਾ, ''ਕਿਰਗਿਸਤਾਨ ਸਾਡੇ ਲਈ ਇਕ ਵੱਡਾ ਅੜਿੱਕਾ ਹੈ ਪਰ ਸਾਨੂੰ ਭਰੋਸਾ ਹੈ ਕਿ ਅਸੀਂ ਏ. ਐੱਫ. ਸੀ. ਏਸ਼ੀਅਨ ਕੱਪ ਲਈ ਕੁਆਲੀਫਾਈ ਕਰ ਜਾਵਾਂਗੇ। ਅਸੀਂ ਇਸ ਸਮੇਂ ਸ਼ਾਨਦਾਰ ਲੈਅ 'ਚ ਹਾਂ ਤੇ ਉਮੀਦ ਹੈ ਕਿ ਅਸੀਂ ਇਸ ਨੂੰ ਜਾਰੀ ਰੱਖਾਂਗੇ। ਜਦੋਂ ਤੁਸੀਂ ਜਿੱਤਦੇ ਹੋ ਤਾਂ ਸਾਰੇ ਖੁਸ਼ ਹੁੰਦੇ ਹਨ। ਜਿੱਤ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੰਦੀ ਹੈ ਤੇ ਸਾਡੇ ਲਈ ਬੇਹੱਦ ਅਹਿਮ ਹੈ ਕਿ ਜਿੱਤ ਦਾ ਸਿਲਸਿਲਾ ਨਾ ਟੁੱਟੇ।''


Related News