ਜਗਬਾਣੀ ਨੇ ਮਿਲਾਇਆ 3 ਮਹੀਨਿਆਂ ਤੋਂ ਲਾਪਤਾ ਲੜਕੀ ਨੂੰ ਵਾਰਸਾਂ ਨਾਲ

08/17/2017 3:57:21 PM


ਗਿੱਦੜਬਾਹਾ(ਸੰਧਿਆ)- 13 ਅਗਸਤ ਦੀ ਰਾਤ ਨੂੰ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਤੋਂ ਦੂਰ ਹਨੇਰੇ ਵਿਚ ਇਕ ਨੌਜਵਾਨ ਲਾਵਾਰਿਸ ਲੜਕੀ ਦੇ ਮਿਲਣ ਦੀ ਖਬਰ ਜਗਬਾਣੀ ਦੇ ਅਦਾਰੇ ਵੱਲੋਂ 14 ਅਗਸਤ ਨੂੰ ਵਿਸਥਾਰ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਉਕਤ ਲੜਕੀ ਦੇ ਵਾਰਸ 16 ਅਗਸਤ ਦੀ ਰਾਤ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚੋਂ ਆ ਕੇ ਲੈ ਗਏ। ਲੜਕੀ ਦੇ ਪਿਤਾ ਭੋਲਾ ਨਾਥ ਨਿਗਮ ਨੇ ਦੱਸਿਆ ਕਿ 17 ਸਾਲਾਂ ਨੌਜਵਾਨ ਲੜਕੀ ਦਾ ਨਾਮ ਮਧੂ ਨਿਗਮ ਹੈ ਅਤੇ ਉਹ ਪਿਛਲੇ 3 ਮਹੀਨਿਆਂ ਤੋਂ ਬਲੀਆ ਯੂਪੀ ਤੋਂ ਲਾਪਤਾ ਹੈ। ਉਹ 12ਵੀਂ ਤੱਕ ਦੀ ਪੜਾਈ ਦੇ ਦੌਰਾਨ ਐਨ. ਸੀ. ਸੀ ਦੀ ਕਮਾਂਡੋ ਰਹਿ ਚੁੱਕੀ ਹੈ। ਬਹੁਤ ਵਧੀਆ ਇੰਗਲਿਸ਼ ਬੋਲਣ ਵਾਲੀ ਮਧੂ ਦੇ ਦਿਮਾਗ 'ਤੇ ਆਪਣੇ ਹੀ ਪੜੌਸੀ ਪਰਿਵਾਰ ਵਲੋਂ ਕੀਤੀ ਪਰਿਵਾਰਕ ਲੜਾਈ ਦਾ ਅਜਿਹਾ ਅਸਰ ਪਿਆ ਕਿ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠੀ।
ਜਨ ਕਲਿਆਣ ਸੇਵਾ ਸਮਿਤੀ ਦੀ ਸੰਚਾਲਿਕਾ ਸੰਧਿਆ ਜਿੰਦਲ , ਸਬਜੀ ਐਂਡ ਫਰੂਟ ਯੂਨੀਅਨ ਦੇ ਸਾਬਕਾ ਪ੍ਰਧਾਨ ਕੈਲਾਸ਼ ਬਿੱਟੂ ਮੌਂਗਾ ਅਤੇ ਪੰਜਾਬ ਪੁਲਸ ਸਟੇਟ ਅਪੈਕਸ ਕਮੇਟੀ ਦੇ ਸਕੱਤਰ ਦੇ ਨਾਲ ਨਾਲ ਮੈਡੀਕਲ ਅਫਸਰ ਜਸ਼ਨ, ਮੈਡੀਕਲ ਅਫਸਰ ਨਿਤੀਸ਼ ਗੋਇਲ, ਨਰਸ ਜਗਮੀਤ ਕੌਰ ਆਦਿ ਦੇ ਯਤਨਾਂ ਸਦਕਾ ਉਕਤ ਨੌਜਵਾਨ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਗਬਾਣੀ ਵਿਚ ਪ੍ਰਕਾਸ਼ਿਤ ਖਬਰ ਨੂੰ ਸ਼ੋਸਲ ਮੀਡੀਆਂ ਵਿਚ ਪਾਉਣ ਤੋਂ ਬਾਅਦ ਫਗਵਾੜਾ ਸਥਿਤ ਰਹਿੰਦੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਗਿੱਦੜਬਾਹਾ ਵਿਖੇ ਪਹੁੰਚ ਕੇ ਜਗਬਾਣੀ ਅਦਾਰੇ ਦਾ ਧੰਨਵਾਦ ਕੀਤਾ ਅਤੇ ਖੂਬ ਪ੍ਰਸ਼ੰਸਾ ਵੀ ਕੀਤੀ। ਸਥਾਨਕ ਪੁਲਸ ਸਟੇਸ਼ਨ ਦੇ ਐਸ. ਐਚ. ਓ ਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਵਾਰਸਾਂ ਨੂੰ ਲੜਕੀ ਸੌਂਪ ਦਿੱਤੀ ।


Related News