ਭੈਣ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ ''ਚ ਨੌਜਵਾਨ ਦਾ ਕਤਲ, 2 ਭਰਾਵਾਂ ਸਮੇਤ 4 ਵਿਰੁੱਧ ਮਾਮਲਾ ਦਰਜ

10/17/2017 1:03:55 PM


ਮੋਗਾ (ਆਜ਼ਾਦ)- ਇੱਥੋਂ ਦੇ ਨਜ਼ਦੀਕੀ ਪਿੰਡ ਦਾਰਾਪੁਰ 'ਚ ਅੱਜ ਬਾਅਦ ਦੁਪਹਿਰ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਤਰਸੇਮ ਸਿੰਘ ਉੁਰਫ ਵਿੱਕੀ (23-24) ਦਾ ਉਸ ਦੇ ਗੁਆਂਢ 'ਚ ਰਹਿੰਦੇ ਕੁਝ ਲੜਕਿਆਂ ਵੱਲੋਂ ਤਲਵਾਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। 
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਭਰਾ ਰਿੱਕੀ ਸਿੰਘ ਪੁੱਤਰ ਕਪੂਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਜਦੋਂ ਅੱਜ ਘਰ ਆ ਰਿਹਾ ਸੀ ਤਾਂ ਗਲੀ 'ਚ ਰਹਿੰਦੇ ਰਵੀ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ ਕੋਕਾ ਅਤੇ ਹਰਪ੍ਰੀਤ ਸਿੰਘ ਸਾਰੇ ਨਿਵਾਸੀ ਦਾਰਾਪੁਰ ਨੇ ਉਸ ਨੂੰ ਘੇਰ ਲਿਆ ਤੇ ਉਸ 'ਤੇ ਤਲਵਾਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਕਾਫੀ ਸਮਾਂ ਉਸ ਨੂੰ ਗਾਲੀ-ਗਲੋਚ ਤੇ ਧਮਕੀਆਂ ਵੀ ਦਿੰਦੇ ਰਹੇ।  ਮ੍ਰਿਤਕ ਦੇ ਭਰਾ ਰਿੱਕੀ ਸਿੰਘ ਨੇ ਦੱਸਿਆ ਕਿ ਦੋਸ਼ੀ ਕੁਲਜਿੰਦਰ ਸਿੰਘ ਨੂੰ ਸ਼ੱਕ ਸੀ ਕਿ ਮ੍ਰਿਤਕ ਦੇ ਉਸ ਦੀ ਭੈਣ ਨਾਲ ਕਥਿਤ ਤੌਰ 'ਤੇ ਪ੍ਰੇਮ ਸਬੰਧ ਹਨ ਅਤੇ ਮੇਰੀ ਭੈਣ ਨਾਲ ਛੇੜੜਾੜ ਕਰਦਾ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਮੇਰੇ ਭਰਾ ਦਾ ਬੇਰਹਿਮੀ ਨਾਲ ਕਤਲ ਦਿੱਤਾ। 

ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਮੋਗਾ ਦੇ ਐੱਸ. ਪੀ. ਆਈ. ਵਜ਼ੀਰ ਸਿੰਘ, ਥਾਣਾ ਸਦਰ ਦੇ ਮੁਖੀ ਰਮੇਸ਼ਪਾਲ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਆਸਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।  ਥਾਣਾ ਮੁਖੀ ਰਮੇਸ਼ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਿੱਕੀ ਸਿੰਘ ਦੇ ਬਿਆਨਾਂ 'ਤੇ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਉਰਫ ਕੋਕਾ, ਰਵੀ ਸਿੰਘ ਅਤੇ ਕੁਲਜਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


Related News