ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਣੇ 4 ਵਿਰੁੱਧ ਧੋਖਾਦੇਹੀ ਦਾ ਕੇਸ ਦਰਜ

06/27/2017 1:01:47 AM

ਮਲੋਟ,   (ਜੁਨੇਜਾ)- ਮਹਾਰਾਜ ਰਣਜੀਤ ਸਿੰਘ ਕਾਲਜ ਦੇ ਪ੍ਰਬੰਧਕਾਂ ਵਿਚਕਾਰ ਵਿਵਾਦ ਕਾਰਨ ਫਾਊਂਡਰ ਚੇਅਰਮੈਨ ਦੀ ਸ਼ਿਕਾਇਤ 'ਤੇ ਉੱਚ ਪੱਧਰੀ ਪੜਤਾਲ ਤੋਂ ਬਾਅਦ ਫਰਜ਼ੀ ਦਸਤਖਤ ਤੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਕਥਿਤ ਦੋਸ਼ ਵਿਚ ਥਾਣਾ ਸਦਰ ਦੀ ਪੁਲਸ ਨੇ 4  ਵਿਅਕਤੀਆਂ ਵਿਰੁੱਧ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿਚ ਪੀੜਤ ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਫਾਊਂਡਰ ਚੇਅਰਮੈਨ ਬਲਿਸਟਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ 2004 ਵਿਚ ਇਸ ਪਿਛੜੇ ਖੇਤਰ ਵਿਚ ਵਿਦਿਆ ਤੇ ਖਾਸ ਕਰ ਕੇ ਲੜਕੀਆਂ ਦੀ ਵਿਦਿਆ ਦਾ ਮਿਆਰ ਚੁੱਕਣ ਲਈ ਇਕ ਸੁਸਾਇਟੀ ਬਣਾਈ ਗਈ ਸੀ, ਜਿਸ ਦੇ ਉਹ ਚੇਅਰਮੈਨ ਸਨ ਤੇ 8 ਹੋਰ ਮੈਂਬਰ ਅਹੁਦੇਦਾਰ ਸਨ। ਇਨ੍ਹਾਂ ਵਿਚੋਂ ਰਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਨੂੰ ਨੌਕਰੀ ਮਿਲਣ ਕਾਰਨ ਉਸ ਨੇ 2 ਜੁਲਾਈ 2005 ਨੂੰ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਮਨਜ਼ੂਰ ਕਰ ਕੇ ਖਾਲੀ ਥਾਂ 'ਤੇ ਰਾਜਦਰਸ਼ਨ ਕੌਰ ਪਤਨੀ ਸ਼ਿਰਦੇਵ ਸਿੰਘ ਗਿੱਲ ਨੂੰ ਮੈਂਬਰ ਬਣਾਇਆ ਸੀ।   ਲਗਾਤਾਰ ਜਨਰਲ ਬਾਡੀ ਦੀਆਂ ਮੀਟਿੰਗਾਂ ਵਿਚ ਹਾਜ਼ਰ ਨਾ ਹੋਣ ਕਾਰਨ ਵਾਈਸ ਚੇਅਰਮੈਨ ਮਨਦੀਪ ਸਿੰਘ, ਉਸ ਦੇ ਪਿਤਾ ਕੌਰ ਸਿੰਘ, ਲਖਵਿੰਦਰ ਸਿੰਘ ਤੇ ਉਸ ਦੇ ਪਿਤਾ ਅਮਰੀਕ ਸਿੰਘ ਚਾਰ ਮੈਂਬਰਾਂ ਨੂੰ 25-03-2012 ਨੂੰ ਸੁਸਾਇਟੀ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਕਤ ਚਾਰਾਂ ਨੇ ਪ੍ਰਿਤਪਾਲ ਸਿੰਘ ਗਿੱਲ ਪੁੱਤਰ ਨਾਜਰ ਸਿੰਘ ਸਰਾਭਾ ਨਗਰ ਮਲੋਟ ਤੇ ਦਲਜਿੰਦਰ ਸਿੰਘ ਸੰਧੂ ਪੁੱਤਰ ਅਰਜਨ ਸਿੰਘ ਨਾਲ ਮਿਲ ਕੇ ਸਾਜ਼ਿਸ਼ ਤਹਿਤ ਨਵਾਂ ਕਾਰਵਾਈ ਰਜਿਸਟਰ ਲੈ ਕੇ ਗੈਰ ਕਾਨੂੰਨੀ ਤੌਰ 'ਤੇ ਅਸਤੀਫ਼ਾ ਦੇ ਚੁੱਕੇ ਮੈਂਬਰ ਰਜਿੰਦਰ ਸਿੰਘ ਦੇ ਜਾਅਲੀ ਦਸਤਖਤ ਕਰ ਲਏ ਤੇ ਇਹ ਰਿਕਾਰਡ ਬੈਂਕਾਂ, ਸਬੰਧਤ ਵਿਭਾਗਾਂ ਤੇ ਯੂਨੀਵਰਸਿਟੀ ਨੂੰ ਭੇਜ ਦਿੱਤਾ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤਾਨ 'ਚੋਂ ਲਖਵਿੰਦਰ ਸਿੰਘ ਯੂਥ ਅਕਾਲੀ ਦਲ ਦਾ ਜ਼ਿਲਾ ਪ੍ਰਧਾਨ ਸਮੇਤ ਹੁਕਮਰਾਨ ਧਿਰ ਵਿਚ ਪਹੁੰਚ ਤੇ ਰਸੂਖ ਰੱਖਦਾ ਸੀ, ਜਿਸ ਕਰਕੇ 5 ਸਾਲ ਉਸ ਖਿਲਾਫ ਝੂਠੇ ਕੇਸ ਦਰਜ ਕਰਨ ਤੋਂ ਇਲਾਵਾ ਧੱਕੇ ਨਾਲ ਕਰਮਚਾਰੀਆਂ ਨੂੰ ਮਿਲਣ ਵਾਲੇ ਮਹੀਨਾਵਾਰ ਭੱਤੇ ਤਨਖਾਹਾਂ ਰੋਕ ਕੇ ਲੱਖਾਂ ਦਾ ਮਾਲੀ ਨੁਕਸਾਨ ਕੀਤਾ ਸੀ।  ਇਸ ਮਾਮਲੇ 'ਤੇ ਆਈ. ਜੀ. ਐੱਮ. ਐੱਸ. ਛੀਨਾ ਵੱਲੋਂ ਭੇਜੀ ਜਾਂਚ 'ਤੇ ਹੋਈ ਪੜਤਾਲ ਉਪਰੰਤ ਪੁਲਸ ਨੇ ਸ਼ਿਕਾਇਤਕਰਤਾ ਮਾਨ ਦੀ ਸ਼ਿਕਾਇਤ ਨੂੰ ਸਹੀ ਪਾਇਆ ਹੈ ਤੇ ਮਨਦੀਪ ਸਿੰਘ, ਕੌਰ ਸਿੰਘ, ਲਖਵਿੰਦਰ ਸਿੰਘ ਰੋਹੀਵਾਲਾ ਤੇ ਅਮਰੀਕ ਸਿੰਘ ਖਿਲਾਫ਼ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। 
ਉਧਰ, ਦੂਜੀ ਧਿਰ ਦਾ ਕਹਿਣਾ ਹੈ ਕਿ ਬਲਿਸਟਰ ਸਿੰਘ ਮਾਨ ਤੇ ਸ਼ਿਰਦੇਵ ਸਿੰਘ ਗਿੱਲ ਨੇ ਸੁਸਾਇਟੀ ਨਾਲ ਫਰਾਡ ਕੀਤਾ ਸੀ, ਜਿਸ ਕਾਰਨ ਉਨ੍ਹਾਂ ਵਿਰੁੱਧ ਕੇਸ ਦਰਜ ਹੋਣ ਉਪਰੰਤ ਸਾਰਾ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ ਤੇ ਹੁਣ ਉਸ ਵੱਲੋਂ ਇਹ ਕਾਰਵਾਈ ਕਰ ਕੇ ਸੁਸਾਇਟੀ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 


Related News