ਨਵਜਾਤ ਨੂੰ ਜਨਮ ਦੇਣ ਵਾਲੀ ਬੱਚੀ ਬਣੀ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮਾਂ

08/18/2017 2:04:52 AM

ਚੰਡੀਗੜ੍ਹ  (ਅਰਚਨਾ) - ਮਾਮੇ ਦੀ ਹਵਸ ਦੀ ਸ਼ਿਕਾਰ ਨਾਬਾਲਗ ਬੱਚੀ ਨੇ ਵੀਰਵਾਰ ਨੂੰ ਸੈਕਟਰ 32 ਸਥਿਤ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦਿੱਤਾ। ਨਵਜਾਤ ਨੂੰ ਜਨਮ ਦੇਣ ਵਾਲੀ ਮਾਂ (ਬੱਚੀ) ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮਾਂ ਬਣ ਗਈ। 36ਵੇਂ ਹਫਤੇ 'ਚ ਡਲਿਵਰ ਹੋਈ ਬੱਚੀ ਨੂੰ ਕੁਝ ਮਿੰਟਾਂ ਦੇ ਬਾਅਦ ਹੀ ਉਸਦੀ ਮਾਂ ਤੋਂ ਵੱਖ ਕਰ ਦਿੱਤਾ ਗਿਆ। ਜਨਮ ਦੇਣ ਵਾਲੀ ਮਾਂ (ਬੱਚੀ) ਲਈ ਇਹ ਰਾਜ਼ ਹੀ ਰਹਿ ਗਿਆ ਕਿ ਉਸਦੀ ਕਿਡਨੀ 'ਚ ਸਟੋਨ ਨਹੀਂ ਇਕ 'ਜਾਨ' ਸੀ। ਉਥੇ ਹੀ ਨਾਬਾਲਗਾ ਦੇ ਮਾਤਾ-ਪਿਤਾ ਨੇ ਨਵਜੰਮੇ ਬੱਚੇ ਦਾ ਚਿਹਰਾ ਤਕ ਦੇਖਣ ਤੋਂ ਮਨ੍ਹਾ ਕਰ ਦਿੱਤਾ। ਜਨਮ ਪ੍ਰਮਾਣ ਪੱਤਰ 'ਤੇ ਵੀ ਮਾਪਿਆਂ ਦੇ ਨਾਂ ਦੀ ਥਾਂ ਚਾਈਲਡ ਵੈੱਲਫੇਅਰ ਪ੍ਰੋਟੈਕਸ਼ਨ ਦਾ ਨਾਂ ਲਿਖ ਦਿੱਤਾ ਗਿਆ ਹੈ। ਨਵਜੰਮੀ ਬੱਚੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਸੋਸ਼ਲ ਵੈੱਲਫੇਅਰ ਬੋਰਡ ਦੇ ਚਾਈਲਡ ਵੈੱਲਫੇਅਰ ਪ੍ਰੋਟੈਕਸ਼ਨ ਦੇ ਬੱਚੇ ਵਜੋਂ ਜਾਣਿਆ ਜਾਏਗਾ। ਨਾਬਾਲਗ ਦੀ ਪਛਾਣ ਗੁਪਤ ਰੱਖਣ ਲਈ ਬੱਚੇ ਦੀ ਪਛਾਣ 'ਚ 'ਬੇਬੀ ਆਫ ਸੀ. ਡਬਲਿਊ.ਸੀ.' ਲਿਖਿਆ ਗਿਆ ਹੈ।
ਕੌਣ ਪਿਲਾਏਗਾ ਦੁੱਧ?
ਜਨਮ ਦੇ ਨਾਲ ਹੀ ਆਪਣਿਆਂ ਨੇ ਰਿਸ਼ਤਾ ਤੋੜ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਹਸਪਤਾਲ ਨੂੰ 6 ਮਹੀਨੇ ਤਕ ਨਵਜੰਮੀ ਬੱਚੀ ਨੂੰ ਮਿਲਕ ਬੈਂਕ ਤੋਂ ਦੁੱਧ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਹਸਪਤਾਲ ਮੈਨੇਜਮੈਂਟ ਕਹਿ ਰਿਹਾ ਹੈ ਕਿ ਜਦੋਂ ਤਕ ਮਾਂ ਦੇ ਦੁੱਧ ਦੀ ਲੋੜ ਹੋਵੇਗੀ, ਮਿਲਕ ਬੈਂਕ ਦੁੱਧ ਦੇਵੇਗਾ ਪਰ ਬੈਂਕ ਦੇ ਅਧਿਕਾਰੀਆਂ ਨੇ ਅਸਮਰਥਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਨਿਕੂ) 'ਚ ਇਕ ਕਿਲੋ ਤੋਂ ਘੱਟ ਭਾਰ ਵਾਲੇ ਬੱਚੇ ਹੁੰਦੇ ਹਨ, ਜਿਨ੍ਹਾਂ ਨੂੰ ਬੈਂਕ ਵਲੋਂ ਦੁੱਧ ਦਿੱਤਾ ਜਾਂਦਾ ਹੈ। ਨਵਜੰਮੀ ਬੱਚੀ ਦਾ ਵਜ਼ਨ 2.01 ਕਿਲੋਗ੍ਰਾਮ ਹੈ ਅਤੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਦੁੱਧ ਦੇਣਾ ਪਵੇਗਾ। ਇਸ ਲਈ 6 ਮਹੀਨੇ ਤਕ ਨੈਚੂਰਲ ਮਿਲਕ ਦੇਣ 'ਚ ਬਹੁਤ ਮੁਸ਼ਕਲ ਪੇਸ਼ ਆਏਗੀ ਪਰ ਕੁਝ ਦਿਨਾਂ ਬਾਅਦ ਫਾਰਮੂਲਾ ਮਿਲਕ ਦੇਣਾ ਸ਼ੁਰੂ ਕਰ ਦਿੱਤਾ ਜਾਏਗਾ।
ਹਾਈ ਰਿਸਕ ਪ੍ਰੈਗਨੈਂਸੀ ਕਾਰਨ ਬਣਾਇਆ ਸੀ ਬੋਰਡ
ਮੈਡੀਕਲ ਰਿਕਾਰਡ ਮੁਤਾਬਿਕ ਸਭ ਤੋਂ ਘੱਟ ਉਮਰ (ਸਾਢੇ 10 ਸਾਲ) ਦਾ ਕੇਸ ਹੋਣ ਕਾਰਨ ਡਲਿਵਰੀ ਲਈ ਤਿੰਨ ਗਾਇਨਾਕੋਲਾਜਿਸਟ ਸਮੇਤ 11 ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ। ਡਾ. ਪੂਨਮ ਗੋਇਲ ਦੀ ਨਿਗਰਾਨੀ 'ਚ ਡਾ. ਨਵਨੀਤ ਟੱਕਰ ਅਤੇ ਡਾ. ਭਾਰਤੀ ਗੋਇਲ ਨੂੰ ਵੀ ਸ਼ਾਮਲ ਕੀਤਾ ਗਿਆ, ਜਦੋਂਕਿ ਪਹਿਲਾਂ ਬੋਰਡ 'ਚ ਡਾ. ਗੋਇਲ ਤੋਂ ਇਲਾਵਾ ਸਿਰਫ ਡਾ. ਅਲਕਾ ਸਹਿਗਲ ਬੱਚੀ ਨੂੰ ਵੇਖ ਰਹੀਆਂ ਸਨ। ਡਾ. ਅਲਕਾ ਦੇ ਬਾਅਦ ਦੋ ਹੋਰ ਗਾਇਨਾਕੋਲਾਜਿਸਟ ਦੇ ਨਾਲ ਹਾਰਟ ਸਪੈਸ਼ਲਿਸਟ ਡਾ. ਸ਼੍ਰੀਨਿਵਾਸ ਰੈਡੀ ਨੂੰ ਵੀ ਸ਼ਾਮਲ ਕੀਤਾ ਗਿਆ। ਡਾ. ਪੂਨਮ, ਡਾ. ਨਵਨੀਤ ਅਤੇ ਡਾ. ਗੋਇਲ ਨੇ ਵੀਰਵਾਰ ਸਵੇਰੇ ਆਪ੍ਰੇਸ਼ਨ ਕੀਤਾ, ਜੋ ਲਗਭਗ ਦੋ ਘੰਟੇ ਤਕ ਚੱਲਿਆ। ਬੋਰਡ ਦੇ ਪ੍ਰਧਾਨ ਡਾ. ਹਰੀਸ਼ ਦਾਸਾਰੀ ਦੀ ਮੰਨੀਏ ਤਾਂ ਮਾਂ ਅਤੇ ਨਵਜੰਮੀ ਬੱਚੀ ਦੋਨਾਂ ਨੂੰ ਲੈ ਕੇ ਥੋੜ੍ਹਾ ਜਿਹਾ ਰਿਸਕ ਹੈ, ਜੋ ਟ੍ਰੀਟਮੈਂਟ ਦੇ ਬਾਅਦ ਠੀਕ ਹੋ ਜਾਣਗੇ।
”ਅਟੈਂਡੈਂਟ ਦੀ ਲੋੜ
ਇਹੋ ਨਹੀਂ ਨਵਜੰਮੀ ਬੱਚੀ ਦੇ ਨਿਕੂ ਤੋਂ ਬਾਹਰ ਆਉਂਦੇ ਹੀ ਅਟੈਂਡੈਂਟ ਦੀ ਲੋੜ ਹੋਵੇਗੀ। ਇਸ ਲਈ ਹਸਪਤਾਲ ਮੈਨੇਜਮੈਂਟ ਨੇ ਚਾਈਲਡ ਵੈੱਲਫੇਅਰ ਪ੍ਰੋਟੈਕਸ਼ਨ ਨੂੰ ਲਿਖ ਦਿੱਤਾ ਹੈ ਤਾਂ ਜੋ ਨਵਜੰਮੀ ਬੱਚੀ ਨੂੰ ਬੱਚੀ ਤੋਂ ਦੂਰ ਰੱਖ ਸਕਣ। ਡਾਕਟਰਾਂ ਦੀ ਮੰਨੀਏ ਤਾਂ ਨਵਜੰਮੀ ਬੱਚੀ ਨੂੰ ਥੋੜ੍ਹਾ ਪੀਲੀਆ ਹੈ, ਜਿਸ ਕਾਰਨ ਉਸਨੂੰ ਨਿਕੂ 'ਚ ਰੱਖਿਆ ਗਿਆ ਹੈ। ਇਸਦੇ ਇਲਾਵਾ ਨਵਜੰਮੀ ਬੱਚੀ ਦੀ ਲੰਗਸ, ਹਾਰਟ ਅਤੇ ਹੋਰਨਾਂ ਅੰਗਾਂ ਨੂੰ ਵੀ ਮਾਨੀਟਰ ਕੀਤਾ ਜਾ ਰਿਹਾ ਹੈ ਕਿ ਕਿਤੇ ਕੋਈ ਖਰਾਬੀ ਤਾਂ ਨਹੀਂ ਹੈ, ਕਿਉਂਕਿ ਨਵਜੰਮੀ ਬੱਚੀ ਦੀ ਮਾਂ ਨੂੰ ਬਚਪਨ 'ਚ ਦਿਲ 'ਚ ਛੇਕ ਸੀ।
ਨਹੀਂ ਦੇਖਣਾ ਚਾਹੁੰਦੇ ਨਵਜੰਮੀ ਬੱਚੀ ਨੂੰ
ਨਾਬਾਲਗਾ ਦੇ ਪਿਤਾ ਨੇ ਸੋਸ਼ਲ ਵੈੱਲਫੇਅਰ ਤੋਂ ਬਾਅਦ ਹੁਣ ਹਸਪਤਾਲ ਨੂੰ ਵੀ ਲਿਖ ਦਿੱਤਾ ਹੈ ਕਿ ਉਹ ਨਵਜੰਮੀ ਬੱਚੀ ਨੂੰ ਬੱਚੀ ਤੋਂ ਦੂਰ ਰੱਖਣਾ ਚਾਹੁੰਦੇ ਹਨ। ਨਾ ਤਾਂ ਖੁਦ ਵੇਖਣਾ ਚਾਹੁੰਦੇ ਹਨ ਅਤੇ ਨਾ ਹੀ ਬੱਚੀ ਨੂੰ ਮਿਲਣ ਦੇਣਗੇ। ਡਾ. ਦਾਸਾਰੀ ਦਾ ਕਹਿਣਾ ਹੈ ਕਿ ਤੰਦਰੁਸਤ ਹੁੰਦੇ ਹੀ ਨਾਬਾਲਗਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਏਗੀ ਪਰੰਤੂ ਨਵਜੰਮੀ ਬੱਚੀ ਨੂੰ ਕੁਝ ਦਿਨ ਨਿਕੂ 'ਚ ਰੱਖਣਾ ਪਵੇਗਾ।
ਮੈਡੀਕਲ ਬੋਰਡ ਦੀ ਸਾਬਕਾ ਮੈਂਬਰ ਡਾ. ਅਲਕਾ ਸਹਿਗਲ ਦੀ ਰਾਏ
* ਜੇਕਰ ਤੁਸੀਂ ਬੋਰਡ ਨਾਲ ਜੁੜੇ ਰਹਿੰਦੇ ਤਾਂ ਕੀ ਸਾਧਾਰਨ ਡਲਿਵਰੀ ਕਰਦੇ?
ਬੱਚੀ ਨੂੰ 7 ਦਿਨ ਪਹਿਲਾਂ ਵੇਖਿਆ ਸੀ। ਹੁਣ ਬੱਚੀ ਦੀ ਕੰਡੀਸ਼ਨ ਬਾਰੇ ਨਹੀਂ ਜਾਣਦੀ। ਡਲਿਵਰੀ ਤੋਂ ਪਹਿਲਾਂ ਪੇਲਵਿਕ ਰਿਜਨ ਅਤੇ ਬੱਚੇ ਦੀ ਸਥਿਤੀ ਦਾ ਮੁਲਾਂਕਣ ਜ਼ਰੂਰੀ ਹੁੰਦਾ ਹੈ। ਉਸਨੂੰ ਵੇਖ ਕੇ ਹੀ ਸਾਧਾਰਣ ਡਲਿਵਰੀ ਜਾਂ ਸੀ-ਸੈਕਸ਼ਨ ਕਰਵਾਇਆ ਜਾਂਦਾ ਹੈ। ਪੇਟ 'ਤੇ  ਸੀ-ਸੈਕਸ਼ਨ ਦੇ ਨਿਸ਼ਾਨ ਤਾਂ ਰਹਿਣਗੇ ਹੀ। ਇਸ ਲਈ ਕੋਸ਼ਿਸ਼ ਰਹਿੰਦੀ ਕਿ ਨਿਸ਼ਾਨ ਰਹਿਤ ਡਲਿਵਰੀ ਕੀਤੀ ਜਾਂਦੀ, ਪਰੰਤੂ ਬੋਰਡ ਨੇ ਕੁਝ ਸੋਚ ਕੇ ਹੀ ਫੈਸਲਾ ਕੀਤਾ ਹੋਵੇਗਾ।
* ਤੁਸੀਂ ਬੋਰਡ ਕਿਉਂ ਛੱਡਿਆ?
ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਜਨਮੇਜਾ ਨੂੰ ਕਿਹਾ ਸੀ ਕਿ ਨਾਬਾਲਗਾ ਦਾ ਯੂਨਿਟ ਬਦਲ ਕੇ ਮੇਰੀ ਯੂਨਿਟ 'ਚ ਸ਼ਿਫਟ ਕਰ ਦਿੱਤਾ ਜਾਵੇ, ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ। ਮੈਂ ਬੋਰਡ ਛੱਡ ਦਿੱਤਾ। ਮੈਂ ਨਾਰਾਜ਼ ਸੀ ਕਿ ਬੱਚੀ ਨਾਲ ਜੁੜੀਆਂ ਚੀਜ਼ਾਂ ਨੂੰ ਗੁਪਤ ਨਹੀਂ ਰੱਖਿਆ ਜਾ ਰਿਹਾ ਸੀ। ਜਦੋਂਕਿ ਪਹਿਲਾਂ ਮੈਂ ਟੀਨਏਜ ਪ੍ਰੈਗਨੈਂਸੀ ਨਾਲ ਜੁੜੇ ਦੋ ਕੇਸ ਹੈਂਡਲ ਕੀਤੇ ਹਨ ਪ੍ਰੰਤੂ ਕਿਸੇ ਕੇਸ 'ਚ ਗੋਪਨੀਅਤਾ ਭੰਗ ਨਹੀਂ ਹੋਈ।

ਬੱਚੀ ਦਾ ਗਰਭਵਤੀ ਹੋਣਾ ਮੰਦਭਾਗਾ
ਮਾਂ ਅਤੇ ਨਵਜੰਮੀ ਬੱਚੀ ਦੋਵੇਂ ਠੀਕ ਹਨ। ਉਨ੍ਹਾਂ ਨੂੰ ਆਬਜ਼ਰਵੇਸ਼ਨ 'ਚ ਰੱਖਿਆ ਗਿਆ ਹੈ। ਇਹ ਕੇਸ ਹਸਪਤਾਲ ਲਈ ਚੁਣੌਤੀ ਭਰਿਆ ਸੀ ਕਿਉਂਕਿ ਇੰਨੀ ਘਟ ਉਮਰ ਦੀ ਮਾਂ ਦੀ ਡਲਿਵਰੀ ਪਹਿਲੀ ਵਾਰ ਹੋਈ ਹੈ। ਪੂਰੇ ਦੇਸ਼ 'ਚ ਅਜਿਹੀ ਉਦਾਹਰਣ ਨਹੀਂ ਸੀ, ਜਿਸ 'ਚ ਘੱਟ ਉਮਰ ਦੀ ਬੱਚੀ ਨੇ ਜਨਮ ਦਿੱਤਾ ਹੋਵੇ। ਬੱਚੀ ਦਾ ਗਰਭਵਤੀ ਹੋਣਾ ਵੀ ਮੰਦਭਾਗਾ ਸੀ। ਨਾਬਾਲਗਾ ਨੂੰ ਭਾਵੇਂ ਡਲਿਵਰੀ ਤੋਂ ਅਣਜਾਣ ਰੱਖਿਆ ਗਿਆ ਹੈ, ਪਰੰਤੂ ਆਉਣ ਵਾਲੇ ਸਮੇਂ 'ਚ ਜਦੋਂ ਉਹ ਸਭ ਕੁਝ ਸਮਝਣ ਲੱਗੇਗੀ, ਉਦੋਂ ਸਟੇਟ ਆਫ ਮਾਈਂਡ ਕਿਵੇਂ ਦਾ ਰਹਿੰਦਾ ਹੈ ਅਤੇ ਖੁਦ ਦੇ ਮਾਪਿਆਂ 'ਤੇ ਕੀ ਅਸਰ ਹੁੰਦਾ ਹੈ, ਇਸਦਾ ਧਿਆਨ ਰੱਖਣਾ ਜ਼ਰੂਰੀ ਹੈ।        
—ਪ੍ਰੋ. ਏ.ਕੇ. ਜਨਮੇਜਾ, ਡਾਇਰੈਕਟਰ ਪ੍ਰਿੰਸੀਪਲ, ਹਸਪਤਾਲ


Related News