ਬਿਆਸ ਦਰਿਆ ਦੇ ਤੇਜ਼ ਵਹਾਅ ''ਚ ਨੌਜਵਾਨ ਰੁੜ੍ਹਿਆ

06/27/2017 3:02:56 AM

ਮੁਕੇਰੀਆਂ,   (ਨਾਗਲਾ)-  ਇਥੋਂ ਨੇੜਲੇ ਪਿੰਡ ਹੁਸ਼ਿਆਰਪੁਰ ਕਲੋਤਾ ਵਿਖੇ ਖੇਤਾਂ ਦੇ ਨਾਲ ਵਗਦੇ ਬਿਆਸ ਦਰਿਆ 'ਚ ਆਪਣੇ ਭਰਾ, ਮਾਮੇ ਤੇ ਤਿੰਨ ਸਾਥੀਆਂ ਸਮੇਤ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਗੁਰਦਾਸਪੁਰ ਦੇ ਸ਼ਹਿਰ ਕਾਦੀਆਂ ਦਾ ਉਕਤ ਨੌਜਵਾਨ ਆਪਣੇ ਨਾਨਕੇ ਪਿੰਡ ਹੁਸ਼ਿਆਰਪੁਰ ਕਲੋਤਾ ਵਿਖੇ ਛੁੱਟੀਆਂ ਕੱਟਣ ਆਇਆ ਹੋਇਆ ਸੀ। ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਕਤ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਜੋ ਪਰਿਵਾਰ ਵਿਚ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ। ਮੌਕੇ 'ਤੇ ਪੁੱਜੀ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਹ ਵਾਰ-ਵਾਰ ਦਰਿਆ 'ਚ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।
ਉਕਤ ਨੌਜਵਾਨ ਅਰੁਣ ਖੋਸਲਾ (19) ਪੁੱਤਰ ਮੋਹਨ ਲਾਲ ਵਾਸੀ ਕਾਦੀਆਂ ਦੇ ਮਾਮੇ ਜੁਗਰਾਜ ਨੇ ਦੱਸਿਆ ਕਿ ਉਹ ਕਰੀਬ 12 ਵਜੇ ਆਪਣੇ ਭਾਣਜੇ ਅਰੁਣ ਖੋਸਲਾ, ਨੋਨੂੰ ਖੋਸਲਾ ਅਤੇ ਭਤੀਜੇ ਇੰਦਰ, ਰਾਹੁਲ ਤੇ ਰਵੀ ਨਾਲ ਆਪਣੇ ਪਿਤਾ ਜੇਮਸ ਮਸੀਹ ਨੂੰ ਖੇਤਾਂ ਵਿਚ ਚਾਹ ਦੇਣ ਆਇਆ ਸੀ। ਇਸੇ ਦੌਰਾਨ ਨਾਲ ਆਏ ਭਾਣਜਿਆਂ ਦੇ ਜ਼ਿੱਦ ਕਰਨ 'ਤੇ ਉਹ ਬਿਆਸ ਦਰਿਆ 'ਚ ਨਹਾਉਣ ਆ ਗਏ। ਉਹ ਅਜੇ ਕੱਪੜੇ ਉਤਾਰ ਹੀ ਰਹੇ ਸਨ ਕਿ ਉਸ ਦੇ ਵੱਡੇ ਭਾਣਜੇ ਅਰੁਣ ਨੇ ਪਾਣੀ ਵਿਚ ਛਾਲ ਮਾਰ ਦਿੱਤੀ। ਉਸ ਨੂੰ ਪੂਰੀ ਤਰ੍ਹਾਂ ਤੈਰਨਾ ਨਾ ਆਉਂਦਾ ਹੋਣ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਰੁੜ੍ਹ ਗਿਆ। ਉਹ ਕੁਝ ਦੂਰੀ ਤੱਕ ਆਪਣੇ ਬਚਾਅ ਲਈ ਹੱਥ-ਪੈਰ ਮਾਰਦਾ ਰਿਹਾ, ਪਰ ਤੇਜ਼ ਪਾਣੀ ਅੱਗੇ ਉਸ ਦੀ ਕੋਈ ਪੇਸ਼ ਨਾ ਚੱਲੀ ਅਤੇ ਉਹ ਪਾਣੀ ਅੰਦਰ ਚਲਾ ਗਿਆ। ਉਸ ਦੇ ਰੁੜ੍ਹ ਜਾਣ ਕਾਰਨ ਨਹਾਉਣ ਆਏ ਕਿਸੇ ਹੋਰ ਨੌਜਵਾਨ ਨੇ ਡਰਦਿਆਂ ਦਰਿਆ ਵਿਚ ਛਾਲ ਨਾ ਮਾਰੀ।ਨੌਜਵਾਨ ਦੇ ਛੋਟੇ ਭਰਾ ਤੇ ਚਸ਼ਮਦੀਦ ਨੋਨੂੰ ਖੋਸਲਾ ਨੇ ਦੱਸਿਆ ਕਿ ਵੱਡੇ ਭਰਾ ਦੇ ਡੁੱਬਣ 'ਤੇ ਉਨ੍ਹਾਂ ਬਥੇਰਾ ਰੌਲਾ ਪਾਇਆ, ਪਰ ਨੇੜੇ ਕੋਈ ਨਾ ਹੋਣ ਕਾਰਨ ਉਹ ਉਸ ਨੂੰ ਨਾ ਬਚਾਅ ਸਕੇ, ਜਿਸ 'ਤੇ ਉਨ੍ਹਾਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਭੇਜੀ ਅਤੇ ਖੁਦ ਉੱਥੇ ਭਾਲ 'ਚ ਜੁਟੇ ਰਹੇ। ਪਤਾ ਲੱਗਣ 'ਤੇ ਸਥਾਨਕ ਗੋਤਾਖੋਰਾਂ ਵੱਲੋਂ ਡੁੱਬੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ, ਪਰ ਕਾਫੀ ਜੱਦੋ-ਜਹਿਦ ਤੋਂ ਬਾਅਦ ਵੀ ਉਸ ਦਾ ਪਤਾ ਨਾ ਲੱਗ ਸਕਿਆ।
ਸੂਚਨਾ ਮਿਲਣ 'ਤੇ ਪੁੱਜੇ ਏ. ਐੱਸ. ਆਈ. ਸੁਖਦੇਵ ਸਿੰਘ ਤੇ ਗੋਤਾਖੋਰ ਸਿਕੰਦਰ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਸੰਬੰਧਿਤ ਇਲਾਕੇ 'ਚ ਨੌਜਵਾਨ ਦੀ ਭਾਲ ਸ਼ੁਰੂ ਕੀਤੀ, ਜਿਹੜੀ ਕਿ ਦੇਰ ਸ਼ਾਮ ਤੱਕ ਜਾਰੀ ਸੀ।


Related News