ਵਾਈ. ਪੀ. ਐੱਸ. ਸਟੇਡੀਅਮ ਨੇੜੇ 300 ਮੁਲਾਜ਼ਮ ਤਾਇਨਾਤ

08/15/2017 3:27:51 AM

ਪਟਿਆਲਾ, (ਬਲਜਿੰਦਰ)- 71ਵੇਂ ਆਜ਼ਾਦੀ ਦਿਵਸ ਮੌਕੇ ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਐੱਸ. ਪੀ. (ਸਿਟੀ) ਕੇਸਰ ਸਿੰਘ ਧਾਲੀਵਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਬਾਕਾਇਦਾ ਪਲਾਨਿੰਗ ਕਰ ਕੇ ਜਿੱਥੇ ਵਾਈ. ਪੀ. ਐੱਸ. ਸਟੇਡੀਅਮ ਦੇ ਚਾਰੇ ਪਾਸੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਹੈ, ਉਥੇ ਸ਼ਹਿਰ ਦੇ ਚੱਪੇ-ਚੱਪੇ 'ਤੇ ਆਜ਼ਾਦੀ ਦਿਵਸ ਮੌਕੇ ਪੁਲਸ ਦੀ ਬਾਜ਼ ਅੱਖ ਰਹੇਗੀ। ਐੱਸ. ਪੀ. ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਜ਼ਿਲਾ ਪੱਧਰੀ ਸਮਾਗਮ ਵਿਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਰਾਸ਼ਟਰੀ ਝੰਡਾ ਫਹਿਰਾਉਣਗੇ। ਇਸ ਨੂੰ ਲੈ ਕੇ ਪੁਲਸ ਫੋਰਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਹਿਰ ਦੀ ਸੁਰੱਖਿਆ ਵਧਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀਆਂ ਵੱਲੋਂ ਜਿੱਥੇ ਰਾਤ ਵੇਲੇ ਵੀ ਚੈਕਿੰਗ ਕੀਤੀ ਜਾ ਰਹੀ ਹੈ, ਉੁਥੇ ਜਨਤਕ ਥਾਵਾਂ 'ਤੇ ਵੀ ਚੈਕਿੰਗ ਜਾਰੀ ਹੈ। 
ਐੱਸ. ਪੀ. ਸਿਟੀ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਸਨੂੰ ਲੈ ਕੇ ਸਮੁੱਚੇ ਥਾਣਾ ਮੁਖੀਆਂ ਅਤੇ ਸੰਬੰਧਿਤ ਡੀ. ਐੱਸ. ਪੀਜ਼ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਕੱਲੇ ਵਾਈ. ਪੀ. ਐੱਸ. ਸਟੇਡੀਅਮ ਦੇ ਆਲੇ-ਦੁਆਲੇ 300 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁੱਝ ਮੁਲਾਜ਼ਮ ਸਿਵਲ ਵਰਦੀ ਵਿਚ ਵੀ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹਿਣਗੇ। ਪਟਿਆਲਾ ਪੁਲਸ ਦੇ ਨਾਲ-ਨਾਲ ਸੁਰੱਖਿਆ ਦੀ ਜ਼ਿੰਮੇਵਾਰੀ ਰੇਲਵੇ ਪੁਲਸ ਦੀ ਵੀ ਲਾਈ ਗਈ ਹੈ। 
ਰੇਲਵੇ ਪੁਲਸ ਨੇ ਸਟੇਸ਼ਨ ਦੀ ਕੀਤੀ ਚੈਕਿੰਗ
ਸਥਾਨਕ ਰੇਲਵੇ ਸਟੇਸ਼ਨ 'ਤੇ ਤਾਇਨਾਤ ਰੇਲਵੇ ਪੁਲਸ ਵੱਲੋਂ ਆਪਣੇ ਪੂਰੇ ਲਾਮੋ-ਲਸ਼ਕਰ ਨਾਲ ਅੱਜ ਸਵੇਰੇ ਤੋਂ ਹੀ ਰੇਲਵੇ ਸਟੇਸ਼ਨ ਅਤੇ ਉਸ ਅਧੀਨ ਆਉੁਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ। ਨਾਲ ਹੀ ਡਾਗ ਸਕੁਐਡ ਦੀ ਵੀ ਮਦਦ ਲਈ ਗਈ ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਦੀ ਪਛਾਣ ਕੀਤੀ ਜਾ ਸਕੇ। ਰੇਲਵੇ ਪੁਲਸ ਵੱਲੋਂ ਲਗਾਤਾਰ ਤੀਸਰੇ ਦਿਨ ਚੈਕਿੰਗ ਕੀਤੀ ਗਈ।


Related News