ਪੰਜਾਬ ''ਚ ਨਹੀਂ ਹੋਵੇਗਾ ਵਰਲਡ ਕੱਪ ਕਬੱਡੀ!

10/13/2017 2:45:21 PM

ਪਟਿਆਲਾ (ਪ੍ਰਤਿਭਾ)-ਜਿਵੇਂ ਕਿ ਇਸ ਵਾਰ ਅੰਦਾਜ਼ਾ ਸੀ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ 'ਵਰਲਡ ਕੱਪ ਕਬੱਡੀ' ਦਾ ਆਯੋਜਨ ਨਹੀਂ ਹੋਵੇਗਾ। ਇਹ ਗੱਲ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਕਬੱਡੀ ਕੱਪ ਹੋਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਨਾ ਤਾਂ ਸਰਕਾਰ ਵੱਲੋਂ ਕੱਪ ਨੂੰ ਲੈ ਕੇ ਕੋਈ ਤਿਆਰੀ ਕੀਤੀ ਗਈ ਹੈ ਅਤੇ ਨਾ ਹੀ ਕੋਈ ਬਿਆਨ ਆਇਆ ਹੈ। 2010 ਵਿਚ ਕਬੱਡੀ ਕੱਪ ਦੇ ਸ਼ੁਰੂ ਹੋਣ 'ਤੇ ਕਈ ਤਰ੍ਹਾਂ ਦੀਆਂ ਮਿਲੀਆਂ-ਜੁਲੀਆਂ ਪ੍ਰਕਿਰਿਆਵਾਂ ਸਨ। ਖੇਡ-ਜਗਤ ਵਿਚ ਇਸ ਗੱਲ ਦੀ ਖੁਸ਼ੀ ਸੀ ਕਿ ਪੰਜਾਬ ਦੇ  ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਚਮਕਾਇਆ ਗਿਆ ਸੀ। ਦੂਜੇ ਪਾਸੇ ਕਬੱਡੀ ਕੱਪ ਨੂੰ ਪੂਰੀ ਤਰ੍ਹਾਂ ਫਜ਼ੂਲ-ਖਰਚੀ ਵੀ ਕਿਹਾ ਗਿਆ ਹੈ ਕਿਉਂਕਿ ਕਰੋੜਾਂ ਰੁਪਏ ਕਬੱਡੀ ਕੱਪ 'ਤੇ ਖਰਚ ਕੀਤੇ ਜਾ ਰਹੇ ਸਨ। 
ਕਬੱਡੀ ਕੱਪ ਦੇ ਹੋ ਚੁੱਕੇ ਹਨ 6 ਆਡੀਸ਼ਨ 
2010 ਵਿਚ ਸ਼ੁਰੂ ਹੋਏ ਕਬੱਡੀ ਕੱਪ ਦਾ 6ਵਾਂ ਆਡੀਸ਼ਨ ਪਿਛਲੇ ਸਾਲ ਨਵੰਬਰ ਵਿਚ ਕਰਵਾਇਆ ਗਿਆ ਸੀ। ਹਰ ਸਾਲ ਨਵੰਬਰ-ਦਸੰਬਰ ਵਿਚ ਇਹ ਕੱਪ ਕਰਵਾਇਆ ਜਾਂਦਾ ਰਿਹਾ ਹੈ। 2015 ਵਿਚ ਕਬੱਡੀ ਕੱਪ ਨਹੀਂ ਹੋ ਸਕਿਆ। ਕਬੱਡੀ ਕੱਪ ਦੀ ਸ਼ੁਰੂਆਤ ਹੀ ਪਟਿਆਲਾ ਤੋਂ ਹੀ ਹੋਈ ਸੀ। ਉਸ ਤੋਂ ਬਾਅਦ ਅਲੱਗ-ਅਲੱਗ ਜ਼ਿਲਿਆਂ ਵਿਚ ਕਬੱਡੀ ਕੱਪ ਕਰਵਾਏ ਗਏ। ਜੇਤੂ ਟੀਮ ਦੀ ਇਨਾਮ ਰਾਸ਼ੀ ਜੋ ਕਿ 1 ਕਰੋੜ ਰੁਪਏ ਸੀ, ਬਾਅਦ ਵਿਚ ਉਸ ਨੂੰ ਵਧਾ ਕੇ 2 ਕਰੋੜ ਰੁਪਏ ਕਰ ਦਿੱਤਾ ਗਿਆ। ਮਹਿਲਾ ਟੀਮਾਂ ਦਾ ਵੀ ਵਰਲਡ ਕੱਪ ਕਰਵਾਇਆ ਜਾਂਦਾ ਰਿਹਾ ਹੈ। ਮਹਿਲਾ ਟੀਮ ਦੀ ਇਨਾਮੀ ਰਾਸ਼ੀ ਪਹਿਲਾਂ 50 ਲੱਖ ਸੀ। ਉਸ ਨੂੰ ਵਧਾ ਕੇ 1 ਕਰੋੜ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਕੈਨੇਡਾ, ਡੈਨਮਾਰਕ, ਪਾਕਿਸਤਾਨ ਤੇ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਦੀਆਂ ਟੀਮਾਂ ਹਰ ਸਾਲ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਰਹੀਆਂ ਸਨ। 
ਨਵੀਂ ਸਰਕਾਰ ਫੰਡ ਨਾ ਹੋਣ ਦੀ ਦੇ ਰਹੀ ਏ ਦੁਹਾਈ
ਉਥੇ ਇਸ ਸਾਲ ਕਬੱਡੀ ਕੱਪ ਨਹੀਂ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦੀ ਨਵੀਂ ਸਰਕਾਰ ਫੰਡ ਨਾ ਹੋਣ ਦੀ ਦੁਹਾਈ ਦੇ ਰਹੀ ਹੈ। ਸਰਕਾਰ ਦੀ ਮੰਨੀ ਜਾਵੇ ਤਾਂ ਅਜੇ ਬਹੁਤੇ ਹੋਰ ਕੰਮਾਂ ਲਈ ਜੋ ਕਿ ਜ਼ਿਆਦਾ ਜ਼ਰੂਰੀ ਹਨ, ਉਨ੍ਹਾਂ ਲਈ ਫੰਡ ਦੀ ਲੋੜ ਹੈ। ਇਸ ਲਈ ਕਬੱਡੀ ਕੱਪ ਦਾ ਆਯੋਜਨ ਕਰਨਾ ਮੁਸ਼ਕਲ ਹੀ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਸੀ ਤਾਂ ਕੈ. ਅਮਰਿੰਦਰ ਸਿੰਘ ਨੇ ਉਦੋਂ ਇਥੇ ਪਾਕਿਸਤਾਨ ਨਾਲ ਇਕ ਫ੍ਰੈਂਡਸ਼ਿਪ ਸੀਰੀਜ਼ ਵੀ ਕਰਵਾਈ ਸੀ। ਇਸ ਮਾਮਲੇ ਵਿਚ ਡੀ. ਐੈੱਸ. ਓ. ਉਪਕਾਰ ਸਿੰਘ ਨੇ ਕਿਹਾ ਕਿ ਇਸ ਵਾਰ ਕਬੱਡੀ ਕੱਪ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ ਕਿਉਂਕਿ ਹਰ ਸਾਲ ਨਵੰਬਰ ਵਿਚ ਕੱਪ ਦੀ ਤਿਆਰੀ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਸੀ। ਅਥਾਰਟੀ ਤੋਂ ਉਨ੍ਹਾਂ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਹੈ। ਸਰਕਾਰ ਕੋਲ ਫੰਡ ਦੀ ਕਮੀ ਵੀ ਹੈ। ਕਬੱਡੀ ਕੱਪ ਕਰਵਾਉਣਾ ਮੁਸ਼ਕਲ ਹੋਵੇਗਾ। 
ਵਰਲਡ ਕਬੱਡੀ ਕੱਪ ਦਾ ਕੋਈ ਮਕਸਦ ਹੀ ਨਹੀਂ : ਡਾਇਰੈਕਟਰ ਸਪੋਰਟਸ
ਇਸ ਮਾਮਲੇ ਵਿਚ ਡਾਇਰੈਕਟਰ ਸਪੋਰਟਸ ਪੰਜਾਬ ਅੰਮ੍ਰਿਤ ਗਿੱਲ ਨੇ ਕਿਹਾ ਕਿ ਵਰਲਡ ਕਬੱਡੀ ਕੱਪ ਦਾ ਮਕਸਦ ਇਹ ਸੀ ਕਿ ਕਬੱਡੀ ਨੂੰ ਵਰਲਡ ਪੱਧਰ 'ਤੇ ਪਹੁੰਚਾਉਣਾ ਹੈ। ਇਹ ਮਕਸਦ ਤਾਂ ਪੂਰਾ ਹੀ ਨਹੀਂ ਹੋਇਆ। ਸਿਰਫ ਇਕ ਗੇਮ 'ਤੇ ਇੰਨਾ ਪੈਸਾ ਖਰਚ ਕਰਨਾ ਕੋਈ ਸਮਝਦਾਰੀ ਨਹੀਂ। ਇਸ ਲਈ ਕਬੱਡੀ ਕੱਪ ਹੁਣ ਨਹੀਂ ਹੋਵੇਗਾ।


Related News