ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ

06/25/2017 12:29:59 PM

ਲਹਿਰਾਗਾਗਾ/ਸੁਨਾਮ ਊਧਮ ਸਿੰਘ ਵਾਲਾ(ਜਿੰਦਲ, ਗਰਗ, ਮੰਗਲਾ)— ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਦੀਆਂ ਤਿੰਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ 'ਤੇ ਪਿੰਡ ਚੰਗਾਲੀਵਾਲਾ ਅਤੇ ਗੰਢੂਆਂ ਵਿਖੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਨਕ ਅਤੇ ਜ਼ਿਲਾ ਆਗੂ ਗੋਪੀ ਗਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਤਾਂ ਫੈਸਲਾ ਕੀਤਾ ਗਿਆ ਹੈ ਪਰ ਉਹ ਨਾਮਾਤਰ ਹੈ। ਪੇਂਡੂ ਮਜ਼ਦੂਰ ਵੀ ਖੇਤੀ ਦੀ ਰੀੜ੍ਹ ਦੀ ਹੱਡੀ ਹਨ। ਸਰਕਾਰ ਨੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਕੋਈ ਵੀ ਰਾਹਤ ਨਹੀਂ ਦਿੱਤੀ ਜਦੋਂਕਿ ਸੂਬੇ ਵਿਚ ਮਜ਼ਦੂਰ ਵੀ ਕਰਜ਼ੇ ਤੋਂ ਪਰੇਸ਼ਾਨ ਹਨ। ਪੰਜਾਬ ਸਰਕਾਰ ਮਜ਼ਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। 
ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ: ਜੇਕਰ ਪੰਜਾਬ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਨੀਤੀ 'ਚ ਸ਼ਾਮਲ ਨਾ ਕੀਤਾ ਅਤੇ ਚੋਣ ਵਾਅਦਿਆਂ ਮੁਤਾਬਕ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਮਜ਼ਦੂਰਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ, ਗੁਰਚਰਨ ਸਿੰਘ, ਚਾਨਣ ਸਿੰਘ, ਜੰਗੀਰ ਸਿੰਘ, ਰਾਣੀ ਕੌਰ, ਗੁਰਮੀਤ ਕੌਰ, ਰਾਮ ਸਿੰਘ, ਕਵੀਤਾ ਰਾਣੀ, ਲੱਛੋ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।
ਇਸੇ ਤਰ੍ਹਾਂ ਭਵਾਨੀਗੜ੍ਹ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨੇੜਲੇ ਪਿੰਡ ਭੜ੍ਹੋ ਵਿਖੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਨਾ ਕਰਨ ਦੇ ਰੋਸ ਵਜੋਂ ਕੈਪਟਨ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਲਾਭ ਸਿੰਘ ਅਤੇ ਟਰੇਡ ਯੂਨੀਅਨ ਆਗੂ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਕੈਪਟਨ ਸਰਕਾਰ ਨੇ ਬਜਟ ਵਿਚ ਮਜ਼ਦੂਰਾਂ ਲਈ ਇਕ ਧੇਲਾ ਵੀ ਨਹੀਂ ਰੱਖਿਆ। ਇਸ ਮੌਕੇ ਜਗਤਾਰ ਸਿੰਘ, ਹਰਨੇਕ ਸਿੰਘ, ਬਲਦੇਵ ਸਿੰਘ, ਅਮਰੀਕ ਸਿੰਘ, ਪਰਮਜੀਤ ਕੌਰ, ਸਰਬਜੀਤ ਕੌਰ, ਹਰਮੇਲ ਕੌਰ, ਮਾਇਆ ਦੇਵੀ ਅਤੇ ਬਲਵਿੰਦਰ ਕੌਰ ਵੀ ਹਾਜ਼ਰ ਸਨ।


Related News