ਸਤਲੁਜ ਦਰਿਆ ''ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪਤੀ ''ਤੇ ਲਗਾਏ ਗੰਭੀਰ ਦੋਸ਼ (pics)

07/23/2017 7:24:53 PM

ਫਿਲੌਰ— ਬੀਤੀ 14 ਜੁਲਾਈ ਨੂੰ ਲੇਬਰ ਪੇਨ ਤੋਂ ਪਰੇਸ਼ਾਨ ਹੋ ਕੇ ਸਤਲੁਜ ਦਰਿਆ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਨਪ੍ਰੀਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਮਹਿਲਾ ਨੇ ਪੁਲਸ ਨੂੰ ਪਤੀ ਦੇ ਖਿਲਾਫ ਅਜੀਬੋ-ਗਰੀਬ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਪਤੀ ਨੇ ਖਰਚ ਤੋਂ ਬੱਚਣ ਦੇ ਲਈ ਉਸ ਦਾ ਆਪਰੇਸ਼ਨ ਨਹੀਂ ਕਰਵਾਇਆ। ਇਹ ਹੀ ਨਹੀਂ ਸਗੋਂ ਆਪਰੇਸ਼ਨ ਦੇ ਲਈ ਕਹਿਣ 'ਤੇ ਪਤੀ ਦੀ ਮਾਸੀ ਨੇ ਮਹਿਲਾ ਨੂੰ ਥੱਪੜ ਵੀ ਮਾਰ ਦਿੱਤਾ ਸੀ। 
ਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਸਾਲ ਪਹਿਲਾਂ ਤਲਹਣ ਪਿੰਡ ਵਾਸੀ ਬਲਵਿੰਦਰ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਗਰਭਵਤੀ ਹੋਣ 'ਤੇ ਉਸ ਨੂੰ 14 ਜੁਲਾਈ ਤੜਕੇ 4 ਵਜੇ ਦੇ ਕਰੀਬ ਤੇਜ਼ ਦਰਦ ਹੋਣ ਲੱਗੀ, ਜਿਸ 'ਤੇ ਉਸ ਦਾ ਪਤੀ ਉਸ ਨੂੰ ਫਿਲੌਰ ਦੇ ਇਕ ਨਿੱਜੀ ਹਸਪਤਾਲ 'ਚ  ਲੈ ਕੇ ਗਿਆ। ਸਵੇਰੇ 10 ਵਜੇ ਤੱਕ ਜਦੋਂ ਬੱਚੇ ਨੇ ਜਨਮ ਨਾ ਲਿਆ ਤਾਂ ਉਸ ਦਾ ਦਰਦ ਵੱਧਦਾ ਗਿਆ, ਜਿਸ ਨੂੰ ਉਹ ਬਰਦਾਸ਼ਤ ਨਾ ਕਰ ਸਕੀ। ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਡਾਕਟਰ ਨੂੰ ਬੋਲ ਕੇ ਆਪਰੇਸ਼ਨ ਕਰਵਾ ਦੇਵੇ ਪਰ ਉਸ ਦੇ ਪਤੀ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਜੇਕਰ ਉਹ ਆਪਰੇਸ਼ਨ ਨਾਲ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਤਾਂ ਉਹ ਆਪਣੀ ਮਾਂ ਦੇ ਕੋਲੋਂ ਫੋਨ ਕਰਕੇ ਪੈਸੇ ਮੰਗਵਾ ਲਵੇ। ਇਸ ਤੋਂ ਬਾਅਦ ਉਸ ਨੇ ਪਤੀ ਨੂੰ ਸਬਕ ਸਿਖਾਉਣ ਦੇ ਲਈ ਸਤਲੁਜ ਦਰਿਆ 'ਚ ਛਾਲ ਮਾਰ ਦਿੱਤੀ। ਉਥੇ ਲੋਕਾਂ ਨੇ ਉਸ ਨੂੰ ਬਚਾ ਕੇ ਬਾਹਰ ਕੱਢਿਆ ਅਤੇ ਉਸ ਉਥੇ ਹੀ ਇਕ ਲੜਕੀ ਨੂੰ ਜਨਮ ਦਿੱਤਾ। 
ਜ਼ਿਕਰਯੋਗ ਹੈ ਕਿ ਬੱਚੀ ਦੇ ਜਨਮ ਦੇ 10 ਦਿਨ ਬਾਅਦ ਮਹਿਲਾ ਨੇ ਅਪਰ ਪੁਲਸ ਚੌਕੀ 'ਚ ਸ਼ਿਕਾਇਤ ਦਿੱਤੀ ਕਿ ਜੇਕਰ ਉਸ ਦਾ ਪਤੀ ਬੱਚੇ ਨੂੰ ਜਨਮ ਦਿਵਾਉਣ 'ਚ ਸਮਰਥਾ ਨਹੀਂ ਰੱਖਦਾ ਸੀ ਤਾਂ ਉਸ ਨੇ ਉਸ ਦੇ ਨਾਲ ਵਿਆਹ ਕਰਕੇ ਪਿਤਾ ਬਣਨ ਦੀ ਇੱਛਾ ਕਿਉਂ ਰੱਖੀ। ਮਨਪ੍ਰੀਤ ਨੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਜਿਸ ਨਾਲ ਉਸ ਨੂੰ ਅਹਿਸਾਸ ਹੋਵੇ ਕਿ ਬੱਚੇ ਦਾ ਪਿਤਾ ਬਣਦੇ ਸਮੇਂ ਔਰਤ ਨੂੰ ਕਿਹੜੇ ਦਰਦ 'ਚੋਂ ਲੰਘਣਾ ਪੈਂਦਾ ਹੈ।

PunjabKesari

 ਮਹਿਲਾ ਦੀ ਸ਼ਿਕਾਇਤ 'ਤੇ ਚੌਕੀ ਇੰਚਾਰਜ ਪਰਮਿੰਦਰ ਸਿੰਘ ਨੇ ਬਲਵਿੰਦਰ ਅਤੇ ਉਸ ਦੇ ਪਰਿਵਾਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਬਲਵਿੰਦਰ ਨੇ ਦੱਸਿਆ ਕਿ ਖਰਚ ਤੋਂ ਬੱਚਣ ਲਈ ਆਪਰੇਸ਼ਨ ਨਾ ਕਰਵਾਉਣ ਦੇ ਦੋਸ਼ ਗਲਤ ਹਨ। ਪੈਸਾ ਬਚਾਉਣਾ ਹੁੰਦਾ ਤਾਂ ਉਹ ਪਤਨੀ ਨੂੰ ਨਿੱਜੀ ਹਸਪਤਾਲ ਹੀ ਕਿਉਂ ਲੈ ਕੇ ਜਾਂਦਾ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਉਹ ਹਸਪਤਾਲ ਜਾ ਕੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨਗੇ। ਥੱਪੜ ਮਾਰਨ ਸਬੰਧੀ ਮਨਪ੍ਰੀਤ ਦੇ ਦੋਸ਼ ਸਾਬਤ ਹੋਣ 'ਤੇ ਅੱਗੇ ਕਾਰਵਾਈ ਕੀਤੀ ਜਾਵੇਗੀ। PunjabKesariਉਥੇ ਹੀ ਐਡਵੋਕੇਟ ਰਾਜਕੁਮਾਰ ਭੱਲਾ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਦੀ ਡਿਲਿਵਰੀ ਨਾਰਮਲ ਹੋਵੇਗੀ ਜਾਂ ਆਪਰੇਸ਼ਨ ਦੇ ਨਾਲ, ਇਹ ਡਾਕਟਰ ਦਾ ਹੀ ਅਧਿਕਾਰ ਖੇਤਰ ਹੈ। ਇਸ 'ਚ ਪਤੀ-ਪਤਨੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਡਾਕਟਰ ਆਪਰੇਸ਼ਨ ਲਈ ਕਹਿੰਦੇ ਹਨ ਅਤੇ ਉਸ ਦੇ ਬਾਵਜੂਦ ਵੀ ਆਪਰੇਸ਼ਨ ਨਾ ਕਰਵਾਇਆ ਜਾਵੇ ਤਾਂ ਫਿਰ ਪਤੀ ਦੀ ਗਲਤੀ ਹੋ ਸਕਦੀ ਹੈ। ਲੇਬਰ ਪੇਨ ਦੌਰਾਨ ਮਾਂ ਤੋਂ ਪੈਸੇ ਮੰਗਵਾਉਣ ਲਈ ਪਰੇਸ਼ਾਨ ਕਰਨਾ ਅਤੇ ਥੱਪੜ ਮਾਰਨਾ ਵੀ ਅਪਰਾਧ ਹੈ। ਪੁਲਸ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦੀ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।


Related News