ਪ੍ਰਸ਼ਾਸਕ ਮਹਿਲਾ ਸੁਰੱਖਿਆ ਦੇ ਦਾਅਵੇ ਕਰ ਰਹੇ ਸਨ, ਕੁਝ ਦੂਰੀ ''ਤੇ ਬੱਚੀ ਨਾਲ ਹੋ ਰਿਹਾ ਸੀ ਰੇਪ

08/17/2017 9:48:04 PM

ਚੰਡੀਗੜ੍ਹ (ਵਿਜੇ)-ਔਰਤਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਇਸ ਦੇ ਲਈ ਦਿਨ ਦੇ 24 ਘੰਟੇ ਵੂਮੈਨ ਹੈਲਪਲਾਈਨ ਨੰਬਰ 1091 ਚਲਾਈ ਜਾ ਰਹੀ ਹੈ। ਰਾਤ 11 ਤੋਂ ਸਵੇਰੇ 5 ਵਜੇ ਤਕ ਔਰਤਾਂ ਲਈ ਵਿਸ਼ੇਸ਼ ਪਿਕ ਐਂਡ ਡਰਾਪ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਰਾਤ ਸਮੇਂ ਲੇਡੀ ਪੁਲਸ ਦੇ ਨਾਲ ਇਕ ਪੀ. ਸੀ. ਆਰ. ਵਾਹਨ 'ਤੇ ਮੌਜੂਦ ਰਹਿੰਦੀ ਹੈ।' ਮੰਗਲਵਾਰ ਸਵੇਰੇ ਜਦੋਂ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਸੁਤੰਤਰਤਾ ਦਿਵਸ ਮੌਕੇ ਪਰੇਡ ਗਰਾਊਂਡ ਸੈਕਟਰ-17 'ਚ ਸ਼ਹਿਰ 'ਚ ਔਰਤਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਸਨ ਤਾਂ ਸਮਾਗਮ ਵਾਲੀ ਥਾਂ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ 'ਤੇ ਕੁਝ ਘੰਟੇ ਪਹਿਲਾਂ 12 ਸਾਲ ਦੀ ਇਕ ਮਾਸੂਮ ਲੜਕੀ ਦਾ ਰੇਪ ਕੀਤਾ ਜਾ ਰਿਹਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ 'ਚ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ। ਬਦਨੌਰ ਸਿਰਫ ਇਕ ਸਾਲ ਦੌਰਾਨ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਹੀ ਗਿਣਾਉਂਦੇ ਰਹੇ। 
ਬਦਨੌਰ ਨੇ ਕਿਹਾ ਕਿ ਸ਼ਹਿਰ 'ਚ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲਸ ਦੀ ਹੈ। ਇਹੋ ਕਾਰਨ ਹੈ ਕਿ ਯੂ. ਟੀ. ਪੁਲਸ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ ਪਰ ਸ਼ਹਿਰ ਦੇ ਸਭ ਤੋਂ ਹਾਈ ਸਕਿਓਰਿਟੀ ਵਾਲੇ ਏਰੀਏ 'ਚ ਇਸ ਤਰ੍ਹਾਂ ਦੀ ਵਾਰਦਾਤ ਨੇ ਪੂਰੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪ੍ਰਸ਼ਾਸਕ ਨੇ ਇਹ ਦਾਅਵੇ ਵੀ ਕੀਤੇ
12 ਜੂਨ ਨੂੰ ਚੰਡੀਗੜ੍ਹ ਪੁਲਸ ਦੀ ਵੂਮੈਨ ਐਂਡ ਚਾਈਲਡ ਸਪੋਰਟ ਯੂਨਿਟ ਵਲੋਂ 'ਸਵਯੰਮ' (ਸੈਲਫ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ) ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ 'ਚ ਚੱਲ ਰਿਹਾ ਹੈ।
ਚੰਡੀਗੜ੍ਹ ਦੀ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਵਲੋਂ ਜੁਲਾਈ 'ਚ ਮੁਸਕਾਨ-3 ਨਾਂ ਦੀ ਸਪੈਸ਼ਲ ਡ੍ਰਾਈਵ ਵੀ ਚਲਾਈ ਗਈ। ਇਸ ਦੇ ਜ਼ਰੀਏ 21 ਟੀਮਾਂ ਨੂੰ ਵੱਖ-ਵੱਖ ਸੂਬਿਆਂ 'ਚ ਭੇਜਿਆ ਗਿਆ ਤੇ 18 ਗੁੰਮਸ਼ੁਦਾ ਬੱਚਿਆਂ ਨੂੰ ਛੁਡਵਾਇਆ ਗਿਆ।

ਵਰਨਿਕਾ ਕੁੰਡੂ ਨੇ ਪੋਸਟ ਕੀਤਾ 'ਨੋ ਕੰਟਰੀ ਫਾਰ ਵੂਮੈਨ'
ਪ੍ਰਸ਼ਾਸਨ ਨੇ ਆਪਣੇ ਭਾਸ਼ਣ 'ਚ ਚੰਡੀਗੜ੍ਹ ਨੂੰ ਸੱਭਿਅਕ ਲੋਕਾਂ ਦਾ ਸ਼ਹਿਰ ਕਿਹਾ ਪਰ ਜਿਵੇਂ ਹੀ ਅੱਠਵੀਂ ਕਲਾਸ ਦੀ ਵਿਦਿਆਰਥਣ ਦੇ ਰੇਪ ਦੀ ਖਬਰ ਪੂਰੇ ਸ਼ਹਿਰ 'ਚ ਫੈਲੀ ਤਾਂ ਵਰਨਿਕਾ ਕੁੰਡੂ ਦੇ ਇਕ ਸਵਾਲ ਨੇ ਪੂਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। 4 ਅਗਸਤ ਦੀ ਰਾਤ ਚੰਡੀਗੜ੍ਹ ਦੀਆਂ ਹੀ ਸੜਕਾਂ 'ਤੇ ਰੇਪ ਦਾ ਸ਼ਿਕਾਰ ਹੋਣ ਤੋਂ ਬਚੀ ਵਰਨਿਕਾ ਕੁੰਡੂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤਾ-'ਇਕ ਦੇਸ਼ ਵਜੋਂ ਸਾਡੀ ਆਜ਼ਾਦੀ ਨੂੰ ਬੇਸ਼ੱਕ 70 ਸਾਲ ਹੋ ਚੁੱਕੇ ਹਨ ਪਰ ਜਦੋਂ ਤਕ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ, ਕੀ ਅਸੀਂ ਸਚਮੁੱਚ ਆਪਣੇ ਆਪ ਨੂੰ ਸੱਭਿਅਕ ਕਹਿ ਸਕਦੇ ਹਾਂ?' ਇਸ ਦੇ ਨਾਲ ਵਰਨਿਕਾ ਨੇ ਆਪਣੇ ਪੋਸਟ ਹੇਠਾਂ ਹੈਸ਼ ਟੈਗ ਕੀਤਾ 'ਨੋ ਕੰਟਰੀ ਫਾਰ ਵੂਮੈਨ।'


Related News