ਲਾਸ਼ ਦੇ ਪੋਸਟਮਾਰਟਮ ਲਈ 3 ਹਸਪਤਾਲਾਂ ''ਚ ਖੱਜਲ-ਖੁਆਰ ਹੋਏ ਪੁਲਸ ਸਮੇਤ ਪਰਿਵਾਰਕ ਮੈਂਬਰ

12/10/2017 1:58:57 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ ਦਿਨੀਂ ਮੁਹੱਲਾ ਪੰਡੋਰੀ ਦੀ ਇਕ ਵਿਆਹੁਤਾ ਵੱਲੋਂ ਆਤਮ ਹੱਤਿਆ ਕਰਨ ਦੇ ਸਬੰਧ 'ਚ ਸ਼ਨੀਵਾਰ ਨੂੰ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਪੁਲਸ ਨੂੰ ਵੀ ਕਾਫੀ ਖੱਜਲ-ਖੁਆਰ ਹੋਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਕੌਰ ਦੀ ਲਾਸ਼ ਨੂੰ ਜਦੋਂ ਪੁਲਸ ਪਾਰਟੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਆਈ ਤਾਂ ਸਿਵਲ ਹਸਪਤਾਲ 'ਚ ਲੇਡੀ ਡਾਕਟਰ ਨੇ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੈਂ ਇਸ ਦਾ ਪੋਸਟਮਾਰਟਮ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਇਸ ਦਾ ਕੋਈ ਅਧਿਕਾਰ ਨਹੀਂ ਹੈ। ਜੇ ਤੁਸੀਂ ਇਸ ਦਾ ਪੋਸਟਮਾਰਟਮ ਕਰਵਾਉਣਾ ਹੈ ਤਾਂ ਇਸ ਨੂੰ ਜਲੰਧਰ ਲੈ ਕੇ ਚਲੇ ਜਾਓ। ਪੁਲਸ ਪਾਰਟੀ ਜਦੋਂ ਮ੍ਰਿਤਕ ਲਵਪ੍ਰੀਤ ਦੀ ਲਾਸ਼ ਨੂੰ ਲੈ ਕੇ ਜਲੰਧਰ ਸਿਵਲ ਹਸਪਤਾਲ ਪੁੱਜੀ ਤਾਂ ਸਬੰਧਤ ਡਾਕਟਰਾਂ ਨੇ ਵੀ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਮਾਮਲਾ ਜ਼ਿਲਾ ਕਪੂਰਥਲਾ ਦੇ ਅਧੀਨ ਆਉਂਦਾ ਹੈ। ਇਸ ਲਈ ਜਦੋਂ ਤੱਕ ਸਿਵਲ ਸਰਜਨ ਕਪੂਰਥਲਾ ਲਿਖ ਕੇ ਨਹੀਂ ਦਿੰਦੇ ਤਾਂ ਉਦੋਂ ਤੱਕ ਇਸ ਲਾਸ਼ ਦਾ ਪੋਸਟਮਾਰਟਮ ਨਹੀਂ ਕਰ ਸਕਦੇ। ਇਸ ਲਈ ਇਸ ਲਾਸ਼ ਨੂੰ ਤੁਸੀਂ ਕਪੂਰਥਲਾ ਲੈ ਕੇ ਜਾਓ। ਜਲੰਧਰ ਦੇ ਡਾਕਟਰ ਵੱਲੋਂ ਵੀ ਇਨਕਾਰ ਕਰਨ 'ਤੇ ਪਰਿਵਾਰਕ ਮੈਂਬਰ ਅਤੇ ਪੁਲਸ ਪਾਰਟੀ ਜਦੋਂ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਈ ਤਾਂ ਸਿਵਲ ਸਰਜਨ ਦੇ ਦਖਲ ਉਪਰੰਤ ਫਿਰ ਲਾਸ਼ ਦਾ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਡਾਕਟਰਾਂ ਨੇ ਪੋਸਟਮਾਰਟਮ ਕੀਤਾ। 
ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ : ਥਾਣਾ ਮੁਖੀ 
ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਲਵਪ੍ਰੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੀ ਲੇਡੀ ਡਾਕਟਰ ਵੱਲੋਂ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਇਸ ਨੂੰ ਜਲੰਧਰ 'ਚ ਕਰਵਾਉਣ ਲਈ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਨੇ ਭੇਜ ਦਿੱਤਾ ਜਦੋਂ ਪੁਲਸ ਨੂੰ ਜਲੰਧਰ ਦੇ ਡਾਕਟਰ ਵੱਲੋਂ ਉਕਤ ਹੁਕਮਾਂ ਨੂੰ ਰੱਦ ਹੋਣ 'ਤੇ ਪਤਾ ਲੱਗਾ ਤਾਂ ਅਸੀਂ ਦੁਬਾਰਾ ਲਾਸ਼ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਬਹੁਤ ਮੁਸ਼ਕਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਹੋ ਸਕਿਆ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਫੋਰੈਸਿੰਕ ਐਕਸਪਰਟ ਡਾਕਟਰ ਨਾ ਹੋਣ ਨੂੰ ਲੈ ਕੇ ਇਹ ਸਭ ਕੁੱਝ ਹੋਇਆ: ਐੱਸ. ਐੱਮ. ਓ.  
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐਡੀਸ਼ਨਲ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਝ ਸਮੇਂ ਪਹਿਲਾਂ ਮਾਨਯੋਗ ਹਾਈਕੋਰਟ ਦਾ ਇਹ ਹੁਕਮ ਆਇਆ ਸੀ ਕਿ ਕਤਲ ਕੇਸ ਜਾਂ ਆਤਮ ਹੱਤਿਆ ਦੇ ਕੇਸ ਦੇ ਸਬੰਧੀ 'ਚ ਲਾਸ਼ ਦਾ ਪੋਸਟਮਾਰਟਮ ਸਿਰਫ ਫੋਰੈਸਿੰਕ (ਐਕਸਪਰਟ) ਡਾਕਟਰ ਹੀ ਕਰੇਗਾ ਜਦਕਿ ਸਾਡੇ ਹਸਪਤਾਲ 'ਚ ਅਜਿਹਾ ਕੋਈ ਡਾਕਟਰ ਨਹੀਂ ਹੈ, ਇਸ ਲਈ ਅਸੀਂ ਉਕਤ ਲਾਸ਼ ਦਾ ਪੋਸਟਮਾਰਟਮ ਕਰਨ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਕਿਉਂਕਿ ਪਤਾ ਕਰਨ 'ਤੇ ਜ਼ਿਲਾ ਹੈੱਡਕੁਆਟਰ 'ਤੇ ਵੀ ਅਜਿਹਾ ਕੋਈ ਡਾਕਟਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਫਿਰ ਪਤਾ ਲੱਗਣ 'ਤੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਕਪੂਰਥਲਾ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਕਤ ਹੁਕਮ ਕੋਈ ਰੱਦ ਵੀ ਹੋਇਆ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਨਾਂ ਹੀ ਕੋਈ ਲਿਖਤ ਇਹ ਆਤਮ ਹੱਤਿਆ ਦਾ ਮਾਮਲਾ ਸੀ, ਇਸ ਲਈ ਸਾਨੂੰ ਮਜਬੂਰ ਹੋ ਕੇ ਉਸ ਨੂੰ ਜਲੰਧਰ ਰੈਫਰ ਕਰਨਾ ਪਿਆ।


Related News