11 ਮਹੀਨੇ ਪਹਿਲਾਂ ਚਾਵਾਂ ਨਾਲ ਧੀ ਨੂੰ ਕੀਤਾ ਸੀ ਵਿਦਾ, ਹੁਣ ਇਸ ਹਾਲ ''ਚ ਦੇਖ ਮਾਪੇ ਰਹਿ ਗਏ ਦੰਗ

07/23/2017 7:23:55 PM

ਜਲੰਧਰ(ਪ੍ਰੀਤ)— ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਧੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ 'ਚ ਖੁਸ਼ੀ ਨਾਲ ਰਹੇ ਪਰ ਜੇਕਰ ਸਹੁਰੇ ਪਰਿਵਾਰ ਵਾਲੇ ਧੀ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਬੜਾ ਹੀ ਦੁੱਖ ਲੱਗਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਬਸਤੀ ਨੌ 'ਚ ਦੇਖਣ ਨੂੰ ਮਿਲਿਆ, ਜਿੱਥੇ ਮਾਂ-ਬਾਪ ਨੇ 11 ਮਹੀਨੇ ਪਹਿਲਾਂ ਧੀ ਦਾ ਵਿਆਹ ਕਰਕੇ ਉਸ ਨੂੰ ਬੜੇ ਹੀ ਚਾਵਾਂ ਨਾਲ ਵਿਦਾ ਕੀਤਾ ਸੀ ਪਰ ਹੁਣ ਉਸ ਦੀ ਸਹੁਰੇ ਪਰਿਵਾਰ 'ਚ ਅਜਿਹੀ ਹਾਲਤ ਦੇਖ ਕੇ ਉਹ ਵੀ ਹੈਰਾਨ ਹਨ ਅਤੇ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਇਨਸਾਫ ਦੀ ਮੰਗ ਕੀਤੀ ਹੈ। 
ਬਸਤੀ ਨੌ ਵਾਸੀ ਵਿਆਹੁਤਾ ਕੋਮਲ ਨੇ ਆਪਣੇ ਪਤੀ ਅਤੇ ਸੱਸ-ਸਹੁਰੇ 'ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ। ਥਾਣਾ ਬਸਤੀ ਬਾਵਾ ਖੇਲ ਵਿਚ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਕੋਮਲ ਨੇ ਦੱਸਿਆ ਕਿ ਉਸ ਦਾ ਵਿਆਹ 11 ਮਹੀਨੇ ਪਹਿਲਾਂ ਰਾਹੁਲ ਵਾਸੀ ਬਸਤੀ ਨੌ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਪਹਿਲਾਂ ਵੀ ਕਈ ਵਾਰ ਸਮਝੌਤਾ ਹੋਇਆ। ਕੋਮਲ ਦਾ ਦੋਸ਼ ਹੈ ਕਿ ਸ਼ੁੱਕਰਵਾਰ ਦੀ ਰਾਤ ਵੀ ਉਸ ਨੂੰ ਸੱਸ, ਸਹੁਰੇ ਅਤੇ ਪਤੀ ਨੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ। ਕੋਮਲ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਦੇ ਇਲਾਕੇ ਦੇ ਕੁਝ ਨੇਤਾਵਾਂ ਨਾਲ ਸੰਬੰਧ ਹਨ, ਜਿਸ ਕਾਰਨ ਪੁਲਸ ਕਾਰਵਾਈ ਨਹੀਂ ਕਰ ਰਹੀ। ਪੀੜਤ ਵਿਆਹੁਤਾ ਨੇ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਮੰਗਿਆ ਹੈ।


Related News