ਬਾਰਿਸ਼ ਨਾਲ ਠੰਡ ਵਧੀ, ਸੜਕਾਂ ''ਤੇ ਖੜ੍ਹਾ ਹੋਇਆ ਪਾਣੀ

12/12/2017 7:41:04 AM

ਗੁਰਦਾਸਪੁਰ, (ਦੀਪਕ) – ਅੱਜ ਗੁਰਦਾਸਪੁਰ 'ਚ ਹੋਈ ਬਾਰਿਸ਼ ਨਾਲ ਜਿਥੇ ਇਕ ਪਾਸੇ ਠੰਡ ਦਾ ਪ੍ਰਕੋਪ ਵਧਿਆ ਹੈ, ਉਥੇ ਸਵੇਰ ਦੇ ਸਮੇਂ ਬਾਰਿਸ਼ ਸ਼ੁਰੂ ਹੋਣ ਨਾਲ ਸਕੂਲ ਜਾਣ ਲਈ ਤਿਆਰ ਹੋਏ ਬੱਚਿਆਂ ਨੂੰ ਬਾਰਿਸ਼ ਰੁਕਣ ਦੀ ਉਡੀਕ ਕਰਨੀ ਪਈ ਪਰ ਬਾਰਿਸ਼ ਹੌਲੀ-ਹੌਲੀ ਵਧਦੀ ਗਈ ਤੇ ਬਾਅਦ ਦੁਪਹਿਰ ਤੱਕ ਚੱਲਦੀ ਰਹੀ, ਜਿਸ ਕਾਰਨ ਬੱਚਿਆਂ ਨੂੰ ਮੀਂਹ 'ਚ ਹੀ ਸਕੂਲ ਜਾਣਾ ਪਿਆ।
  ਜ਼ਿਕਰਯੋਗ ਹੈ ਕਿ ਅੱਜ ਗੁਰਦਾਸਪੁਰ 'ਚ ਤੜਕਸਾਰ ਹੀ ਬਾਰਿਸ਼ ਪੈਣੀ ਸ਼ੁਰੂ ਹੋ ਗਈ ਪਰ ਬਾਅਦ 'ਚ ਦੁਪਹਿਰ ਦੇ ਸਮੇਂ ਤੇਜ਼ ਹੋ ਗਈ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਬਾਰਿਸ਼ ਦਾ ਪਾਣੀ ਖੜ੍ਹਾ ਹੋ ਗਿਆ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਂਦੀਆਂ ਰੌਣਕਾਂ 
ਬਹਿਰਾਮਪੁਰ, (ਗੋਰਾਇਆ)—ਬੀਤੀ ਰਾਤ ਤੋਂ ਹੋ ਰਹੀ ਹਲਕੀ ਬਾਰਿਸ਼ ਨੇ ਜਿਥੇ ਮੌਸਮ ਇਕ ਦਮ ਠੰਡਾ ਕਰ ਦਿੱਤਾ ਹੈ, ਉਥੇ ਦੂਜੇ ਪਾਸੇ ਇਸ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ੍ਹੇ ਹੋਏ ਦਿਖਾਈ ਦਿੱਤੇ ਤੇ ਖੇਤੀਬਾੜੀ ਮਾਹਿਰ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਦੱਸ ਰਹੇ ਹਨ। ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਮੌਸਮ ਕਾਫੀ ਠੰਡਾ ਹੋ ਗਿਆ। ਦੂਜੇ ਪਾਸੇ ਜਦ ਖੇਤੀਬਾੜੀ ਵਿਭਾਗ ਦੇ ਏ. ਡੀ. ਓ. ਠਾਕੁਰ ਰਣਧੀਰ ਸਿੰਘ ਤੇ ਖੇਤੀਬਾੜੀ ਵਿਸਥਾਰ ਅਫਸਰ ਮੋਹਨ ਸਿੰਘ ਵਾਹਲਾ ਤੇ ਬਲਾਕ ਤਕਨਾਲੋਜੀ ਮੈਨੇਜਰ ਰਵਿੰਦਰ ਸਿੰਘ ਭੋਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਈ ਠੰਡ ਨੇ ਸਬਜ਼ੀਆਂ ਤੇ ਹਰਾ ਚਾਰਾ ਆਦਿ ਫਸਲਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪਰ ਇਸ ਹਲਕੀ ਬਾਰਿਸ਼ ਨਾਲ ਜਿਥੇ ਫਸਲਾਂ ਦਾ ਵਾਧਾ ਵਿਕਾਸ ਹੋਵੇਗਾ, ਉਸ ਨਾਲ ਆਉਣ ਵਾਲੇ ਸਮੇਂ 'ਚ ਮੌਸਮ 'ਚ ਤਬਦੀਲੀ ਆਵੇਗੀ ਤੇ ਧੁੱਪ ਕਾਰਨ ਫਸਲਾਂ ਨੂੰ ਸੂਰਜੀ ਉੂਰਜਾ ਪ੍ਰਾਪਤ ਹੋਵੇਗੀ, ਜਿਸ ਕਾਰਨ ਫਸਲ ਦਾ ਝਾੜ ਵੀ ਵਧੀਆ ਨਿਕਲਣ ਦੀ ਆਸ ਲਾਈ ਜਾ ਸਕਦੀ ਹੈ।


Related News