ਬਜ਼ੁਰਗ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਮਾਰੀ 60,000 ਦੀ ਠੱਗੀ

06/26/2017 1:29:31 AM

ਮੱਖੂ,   (ਵਾਹੀ)—  ਮੱਖੂ ਸ਼ਹਿਰ ਦੇ ਇਕ ਬਜ਼ੁਰਗ ਨਾਲ ਕਿਸੇ ਨੌਸਰਬਾਜ਼ ਵੱਲੋਂ ਉਸਦਾ ਏ. ਟੀ. ਐੱਮ. ਬਦਲ ਕੇ ਕਰੀਬ 60 ਹਜ਼ਾਰ ਰੁਪਏ ਦੀ ਰਕਮ ਕਢਵਾ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਗੁਰਨਾਮ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਵਾਰਡ ਨੰ. 3 ਨੇ ਦੁਖੀ ਅਵਸਥਾ ਵਿਚ ਦੱਸਿਆ ਕਿ 16-6-2017 ਨੂੰ ਉਹ ਪੰਜਾਬ ਨੈਸ਼ਨਲ ਬੈਂਕ ਮੱਖੂ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਿਆ ਤਾਂ ਤਿੰਨ-ਚਾਰ ਵਾਰ ਕਾਰਡ ਚਲਾਉਣ 'ਤੇ ਜਦੋਂ ਕਾਰਡ ਨਾ ਚੱਲਿਆ ਤਾਂ ਉੱਥੇ ਖੜ੍ਹਾ ਇਕ ਅਣਪਛਾਤਾ ਵਿਅਕਤੀ, ਜੋ ਕਿ ਪ੍ਰਵਾਸੀ ਲੱਗਦਾ ਸੀ, ਨੇ ਕਿਹਾ ਕਿ ਕਾਰਡ ਮੈਨੂੰ ਫ਼ੜਾਓ ਮੈਂ ਤੁਹਾਡੇ ਪੈਸੇ ਕਢਵਾ ਦਿੰਦਾਂ ਹਾਂ ਅਤੇ ਮੇਰੇ ਕੋਲੋਂ ਪਾਸਵਰਡ ਪੁੱਛ ਕੇ ਏ. ਟੀ. ਐੱਮ. ਵਿਚ ਪਾ ਕੇ ਤੁਰੰਤ ਚਲਾਕੀ ਨਾਲ ਮੇਰਾ ਕਾਰਡ ਆਪ ਰੱਖ ਲਿਆ ਅਤੇ ਉਸਨੇ ਆਪਣਾ ਕਾਰਡ ਮੇਰੇ ਹੱਥ ਫੜਾ ਦਿੱਤਾ। 
ਏ. ਟੀ. ਐੱਮ. 'ਚੋਂ ਪੈਸੇ ਨਾ ਨਿਕਲਣ ਕਾਰਨ ਮੈਂ ਖਾਲੀ ਹੱਥ ਵਾਪਸ ਮੁੜ ਆਇਆ ਤਾਂ ਉਸ ਵਿਅਕਤੀ ਨੇ ਦੋ ਕੁ ਦਿਨਾ ਵਿਚ ਹੀ ਮੇਰੇ ਕਾਰਡ ਰਾਹੀਂ 60,000 ਰੁਪਏ ਦੇ ਕਰੀਬ ਰਕਮ ਕਢਵਾ ਲਈ। ਮੇਰੇ ਨਾਲ ਵੱਜੀ ਇਸ ਠੱਗੀ ਸਬੰਧੀ ਜਦੋਂ ਮੈਂ ਬੈਂਕ ਮੈਨੇਜਰ ਮੱਖੂ ਨੂੰ ਆਪਣੀ ਦੁੱਖ ਭਰੀ ਦਾਸਤਾਂ ਦੱਸੀ ਤੇ ਕਿਹਾ ਕਿ ਮੈਨੂੰ ਕੈਮਰੇ 'ਚੋਂ ਮੇਰੇ ਖਾਤੇ 'ਚੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਦੀ ਤਸਵੀਰ ਦਿਖਾਈ ਜਾਵੇ ਤਾਂ ਅੱਗੋਂ ਬੈਂਕ ਮੈਨੇਜਰ ਨੇ ਕਿਹਾ ਕਿ ਤੁਸੀਂ ਇਸਦੀ ਰਿਪੋਰਟ ਥਾਣੇ ਦਰਜ ਕਰਵਾਓ ਅਤੇ ਜਿਹੜਾ ਕਾਰਡ ਨੌਸਰਬਾਜ਼ ਤੁਹਾਨੂੰ ਦੇ ਗਿਆ ਹੈ, ਉਸਦੀ ਜਾਂਚ ਕਰਕੇ ਤੁਹਾਨੂੰ ਉਸਦਾ ਪੂਰਾ ਪਤਾ ਅਤੇ ਮੋਬਾਇਲ ਨੰਬਰ ਪੁਲਸ ਰਾਹੀਂ ਦੱਸ ਦਿੱਤਾ ਜਾਵੇਗਾ। ਠੱਗੀ ਦਾ ਸ਼ਿਕਾਰ ਹੋਏ ਬਜ਼ੁਰਗ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਮੇਰੇ ਕੋਲ ਆਪਣੇ ਇਲਾਜ ਲਈ ਰੱਖੀ ਹੋਈ ਇਹੋ ਹੀ ਪੂੰਜੀ ਸੀ ਅਤੇ ਮੈਂ ਹੁਣ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੋ ਗਿਆ ਹਾਂ, ਸੋ ਦੋਸ਼ੀ ਦੀ ਪਛਾਣ ਕਰਕੇ ਮੇਰੀ ਰਕਮ ਵਾਪਸ ਦਵਾਈ ਜਾਵੇ।


Related News