ਕਾਸ਼! ਇਨ੍ਹਾਂ ਦਾ ਵੀ ਹੁੰਦਾ ਵੋਟਰ ਲਿਸਟ ''ਚ ਨਾਂ

12/13/2017 6:16:16 AM

ਜਲੰਧਰ, (ਗੁਲਸ਼ਨ)- ਠੰਡ ਦੇ ਮੌਸਮ 'ਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਹਰੇਕ ਪਾਰਟੀ ਦੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਉਮੀਦਵਾਰ ਆਪਣੀ ਜਿੱਤ ਸੁਨਿਸ਼ਚਿਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਇਸਤੇਮਾਲ ਕਰ ਰਹੇ ਹਨ। ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉਨ੍ਹਾਂ ਦੇ ਮੂੰਹ 'ਚੋਂ ਨਿਕਲੀ ਹਰ ਚੀਜ਼ ਉਪਲਬਧ ਕਰਵਾ ਰਹੇ ਹਨ।
ਉਥੇ ਦੂਸਰੇ ਪਾਸੇ ਅੱਤ ਦੀ ਠੰਡ 'ਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਸੁੱਤੇ ਹੋਏ ਲੋਕਾਂ ਨੂੰ ਕੋਈ ਨਹੀਂ ਪੁੱਛ ਰਿਹਾ। ਇਨ੍ਹਾਂ ਨੂੰ ਦੇਖ ਕੇ ਇਕ ਗੱਲ ਜ਼ਰੂਰ ਦਿਮਾਗ 'ਚ ਆਉਂਦੀ ਹੈ ਕਿ ਕਾਸ਼! ਇਨ੍ਹਾਂ ਦਾ ਵੀ ਨਾਂ ਵੋਟਰ ਲਿਸਟ 'ਚ ਹੁੰਦਾ ਤਾਂ ਜੋ ਉਮੀਦਵਾਰ ਇਨ੍ਹਾਂ ਪਿੱਛੇ ਵੀ ਘੁੰਮਦੇ ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਇਲਾਵਾ ਠੰਡ ਤੋਂ ਬਚਣ ਲਈ ਕੰਬਲ ਆਦਿ ਵੰਡਦੇ।

PunjabKesari
ਦੇਰ ਰਾਤ ਜਗ ਬਾਣੀ ਦੀ ਟੀਮ ਨੇ ਜਦੋਂ ਸਿਟੀ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦਾ ਦੌਰਾ ਕੀਤਾ ਤਾਂ ਇਹ ਦੇਖ ਕੇ ਕਾਫੀ ਹੈਰਾਨੀ ਹੋਈ ਕਿ ਸਿਰ 'ਤੇ ਛੱਤ ਨਾ ਹੋਣ ਕਾਰਨ ਅੱਤ ਦੀ ਠੰਡ 'ਚ ਕਈ ਲੋਕ ਖੁੱਲ੍ਹੇ ਆਸਮਾਨ ਹੇਠ ਸੁੱਤੇ ਹੋਏ ਸਨ। ਕਿਸੇ ਨੇ ਸ਼ਾਲ ਤਾਂ ਕਿਸੇ ਨੇ ਪਤਲੇ ਕੰਬਲ ਲਪੇਟੇ ਹੋਏ ਸਨ। ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਖੁਸ਼ਹਾਲ ਲੋਕਾਂ ਨੂੰ ਹੀ ਲਾਲ ਪਰੀ ਤੇ ਹੋਰ ਸਾਮਾਨ ਵੰਡਣ 'ਤੇ ਲੱਖਾਂ ਰੁਪਏ ਖਰਚ ਕਰ ਰਹੇ ਹਨ ਪਰ ਇਨ੍ਹਾਂ ਗਰੀਬ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੰਦਾ।
ਦੂਸਰੇ ਪਾਸੇ ਵੋਟਰ ਵੀ ਅੱਜਕਲ ਕਾਫੀ ਸਮਝਦਾਰ ਹੋ ਗਏ ਹਨ। ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਨਾਂਹ ਨਾ ਕਹਿ ਕੇ ਉਸ ਦਾ ਦਿਲ ਨਹੀਂ ਤੋੜ ਰਹੇ ਹਨ ਬਲਕਿ ਉਨ੍ਹਾਂ ਵੱਲੋਂ ਵੰਡੇ ਜਾ ਰਹੇ ਸਾਮਾਨ ਨੂੰ ਹਾਸਲ ਕਰ ਰਹੇ ਹਨ ਪਰ ਵੋਟ ਦੀ ਵਰਤੋਂ ਆਪਣੀ ਮਰਜ਼ੀ ਨਾਲ ਹੀ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਨ੍ਹਾਂ ਲੋਕਾਂ ਦੀ ਵੋਟ ਨਹੀਂ ਹੈ ਪਰ ਜੇ ਉਮੀਦਵਾਰ ਇਨ੍ਹਾਂ ਗਰੀਬਾਂ ਵੱਲ ਧਿਆਨ ਦੇਣਗੇ ਤਾਂ ਉਨ੍ਹਾਂ ਦੀ ਅਸੀਸ ਨਾਲ ਜਿੱਤ ਦਾ ਰਸਤਾ ਸਾਫ ਹੋ ਸਕਦਾ ਹੈ।


Related News