ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਜੀ. ਟੀ. ਰੋਡ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ

07/23/2017 6:41:39 AM

ਅੰਮ੍ਰਿਤਸਰ  (ਇੰਦਰਜੀਤ) - ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਅਧਿਕਾਰ ਦੇਣ ਦੇ ਬਾਵਜੂਦ ਠੇਕੇਦਾਰ ਆਪਣੀ ਪੁਰਾਣੀ ਦਬੰਗਈ ਤੋਂ ਬਾਜ਼ ਨਹੀਂ ਆ ਰਹੇ। ਠੇਕੇਦਾਰਾਂ ਦੀ ਅਜਿਹੀ ਹੀ ਇਕ ਦੀਦਾ-ਦਲੇਰੀ ਦਾ ਸਬੂਤ ਹੈ ਮਜੀਠਾ ਸਰਕਲ ਅਧੀਨ ਆਉਂਦੇ ਖੇਤਰ ਜੈਂਤੀਪੁਰਾ 'ਚ ਪਾਬੰਦੀਸ਼ੁਦਾ ਖੇਤਰ ਵਿਚ ਸ਼ਰੇਆਮ ਸ਼ਰਾਬ ਦਾ ਇਕ ਠੇਕਾ ਖੋਲ੍ਹਿਆ ਗਿਆ ਹੈ, ਜੋ ਪੰਜਾਬ-ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਹੈ, ਉਥੇ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਪਾਣੀ ਫੇਰਿਆ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਖੇਤਰ ਨਿਵਾਸੀਆਂ ਦਾ ਰੋਹ ਵੀ ਵੱਧਦਾ ਜਾ ਰਿਹਾ ਹੈ ਪਰ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਇਸ ਧਾਂਦਲੀ ਦੇ ਮਾਮਲੇ ਵਿਚ ਨਹੀਂ ਕੀਤੀ ਜਾ ਰਹੀ।  
ਡੀ. ਸੀ. ਨੂੰ ਅਰਜ਼ੀ : ਪਿੰਡ ਵਾਸੀਆਂ ਅਤੇ ਸਰਪੰਚ ਗੁਰਮੀਤ ਸਿੰਘ ਬੱਲ ਨੇ ਇਕ ਸਾਂਝਾ ਮਤਾ ਪਾਸ ਕਰ ਕੇ ਲਿਖਤੀ ਸ਼ਿਕਾਇਤ 'ਚ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ ਕਿ ਅੱਡਾ ਜੈਂਤੀਪੁਰਾ ਸਥਿਤ ਮੁੱਖ ਰਸਤੇ ਤੋਂ ਸਿਰਫ 50 ਮੀਟਰ ਦੀ ਦੂਰੀ 'ਤੇ ਜ਼ੈਲਦਾਰ ਮਾਰਕੀਟ ਵਿਚ ਪਾਖਰਪੁਰ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਸਰਕਲ ਮਜੀਠਾ ਵਿਚ ਮੈ. ਡੋਡਾ ਵਾਈਨ ਦਾ ਠੇਕਾ ਤਾਂ ਨਾਜਾਇਜ਼ ਤੌਰ 'ਤੇ ਖੁੱਲ੍ਹਾ ਹੈ ਜੋ ਕਿ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਮਾਣਯੋਗ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ 500 ਮੀਟਰ ਤੋਂ ਘੱਟ ਦੂਰੀ 'ਤੇ ਕਿਸੇ ਵੀ ਹਾਲਤ 'ਚ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਪਿੰਡ ਵਾਸੀਆਂ ਅਤੇ ਸਮੂਹ ਪੰਚਾਇਤ ਦੀ ਲਿਖਤੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ 3 ਮਹੀਨੇ ਦੀ ਬਰਾਬਰ ਬੇਨਤੀ ਤੋਂ ਬਾਅਦ ਇਸ ਠੇਕੇ ਨੂੰ ਉਥੋਂ ਨਹੀਂ ਚੁੱਕਿਆ ਜਾ ਸਕਿਆ।
ਹਾਦਸਿਆਂ ਦਾ ਖ਼ਤਰਾ : ਇਸ ਸਬੰਧੀ ਸਰਪੰਚ ਗੁਰਮੀਤ ਸਿੰਘ ਬੱਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ 500 ਮੀਟਰ ਜੀ. ਟੀ. ਰੋਡ ਤੋਂ ਠੇਕਿਆਂ ਦੀ ਦੂਰੀ ਦਾ ਨਿਯਮ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਸ਼ਰਾਬ ਦੇ ਠੇਕਿਆਂ ਕਾਰਨ ਜੀ. ਟੀ. ਰੋਡ 'ਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਠੇਕੇਦਾਰ ਆਪਣੇ ਨਿੱਜੀ ਲਾਲਚ ਲਈ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਠੇਕਾ ਜਲਦੀ ਨਾ ਚੁੱਕਿਆ ਗਿਆ ਤਾਂ ਪਿੰਡ ਦੇ ਲੋਕ ਇਸ ਦੇ ਲਈ ਸੰਘਰਸ਼ ਕਰਨਗੇ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਇਸ ਸਬੰਧੀ ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਉਸ ਦੇ ਲਈ ਐਕਸਾਈਜ਼ ਵਿਭਾਗ ਨੂੰ ਮਾਮਲਾ ਭੇਜਿਆ ਜਾਵੇਗਾ।
ਕਾਰਵਾਈ ਸਖਤ ਹੋਵੇਗੀ : ਹੇਮੰਤ ਸ਼ਰਮਾ
ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਮਜੀਠਾ ਸਰਕਲ ਦੇ ਈ. ਟੀ. ਹੇਮੰਤ ਸ਼ਰਮਾ ਨੇ ਕਿਹਾ ਕਿ ਜੇਕਰ ਠੇਕਾ ਗੈਰ-ਕਾਨੂੰਨੀ ਤੌਰ 'ਤੇ ਖੋਲ੍ਹਿਆ ਗਿਆ ਹੈ ਤਾਂ ਉਸ 'ਤੇ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਜੀ. ਟੀ. ਰੋਡ ਅਤੇ ਠੇਕੇ 'ਚ 500 ਮੀਟਰ ਦੀ ਦੂਰੀ ਜ਼ਰੂਰੀ ਹੈ।


Related News