ਗੁਆਂਢੀ ਨਾਲ ਸਰੀਰਕ ਸੰਬੰਧ ਬਣਾਉਣ ਲਈ ਪਤੀ ਨੇ ਭਰੀ ਹਾਮੀ; ਪਤਨੀ ਨੇ ਨਿਗਲਿਆ ਜ਼ਹਿਰ

06/26/2017 3:08:20 AM

ਬੰਗਾ  (ਚਮਨ ਲਾਲ/ਰਾਕੇਸ਼) - ਨੇੜਲੇ ਪਿੰਡ ਗਹਿਲ ਮਜਾਰੀ ਵਿਖੇ ਛੇ ਮਹੀਨੇ ਪਹਿਲਾਂ ਵਿਆਹੀ ਮੁਹੱਲਾ ਸੰਤੋਖ ਨਗਰ ਬੰਗਾ ਦੀ ਵਾਸੀ ਇਕ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਜੋਤੀ ਦੀ ਮਾਤਾ ਆਸ਼ਾ ਰਾਣੀ ਪਤਨੀ ਸਵ. ਹਰਬੰਸ ਲਾਲ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਤੇ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ। ਛੇ ਮਹੀਨੇ ਪਹਿਲਾਂ ਉਸ ਦੀ ਲੜਕੀ ਦਾ ਵਿਆਹ ਸੁਰਜੀਤ ਰਾਮ ਪੁੱਤਰ ਗਿਆਨ ਚੰਦ ਵਾਸੀ ਪਿੰਡ ਗਹਿਲ ਮਜਾਰੀ ਜ਼ਿਲਾ ਸ਼ਹੀਦ ਭਗਤ ਸਿੰਘ ਨਾਲ ਹੋਇਆ ਸੀ। ਉਸ ਦੀ ਲੜਕੀ ਨੇ ਉਸ ਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਸੀ ਕਿ ਉਸ ਦਾ ਸਹੁਰਾ ਗਿਆਨ ਚੰਦ, ਜੇਠ ਦੀਪਕ, ਜੇਠਾਣੀ ਮਨਜੀਤ ਕੌਰ, ਨਨਾਣ ਸੰਦੀਪ ਕੌਰ (ਜੋ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਰਹਿੰਦੀ ਹੈ) ਅਕਸਰ ਉਸ ਨੂੰ ਤੰਗ ਕਰਦੇ ਹਨ।
ਜੋਤੀ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਇਕ ਐੱਨ.ਆਰ.ਆਈ. ਕੁਲਦੀਪ ਸਿੰਘ, ਜਿਸ ਨੂੰ ਉਸ ਦਾ ਪਤੀ ਵੱਡਾ ਡੈਡੀ ਕਹਿੰਦਾ ਹੈ, ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਹੈ। ਜਦੋਂ ਇਸ ਬਾਰੇ ਜੋਤੀ ਨੇ ਆਪਣੇ ਪਤੀ ਸੁਰਜੀਤ ਰਾਮ ਨੂੰ ਦੱਸਿਆ ਤਾਂ ਉਸ ਦੇ ਪਤੀ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਇਹ ਕਿਹਾ ਕਿ ਜੋ ਵੱਡੇ ਡੈਡੀ ਕਹਿੰਦੇ ਹਨ, ਉਹੀ ਕਰ ਕਿਉਂਕਿ ਘਰ ਦਾ ਸਾਰਾ ਖਰਚਾ ਉਹੀ ਕਰਦੇ ਹਨ। ਜਦੋਂ ਜੋਤੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ।
ਉਸ ਨੇ ਪੁਲਸ ਨੂੰ ਦੱਸਿਆ ਕਿ ਮੇਰੀ ਲੜਕੀ ਨੇ ਉਕਤ ਸਾਰੀ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਬੀਤੀ ਦੇਰ ਸ਼ਾਮ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੀ ਹਸਪਤਾਲ 'ਚ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਉਧਰ, ਬੰਗਾ ਪੁਲਸ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਨੇ ਮੌਕੇ 'ਤੇ ਪਹੁੰਚ ਕੇ ਜੋਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਪਹੁੰਚਾਇਆ, ਜਦੋਂਕਿ ਲੜਕੀ ਦੇ ਸਹੁਰੇ ਗਿਆਨ ਚੰਦ, ਪਤੀ ਸੁਰਜੀਤ ਰਾਮ, ਨਨਾਣ ਸੰਦੀਪ ਕੌਰ, ਜੇਠ ਦੀਪਾ, ਜੇਠਾਣੀ ਮਨਜੀਤ ਤੇ ਐੱਨ.ਆਰ.ਆਈ. ਕੁਲਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਨੇ ਮ੍ਰਿਤਕਾ ਦੇ ਪਤੀ ਸੁਰਜੀਤ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ, ਮ੍ਰਿਤਕ ਜੋਤੀ ਦੇ ਪਰਿਵਾਰਕ ਮੈਂਬਰ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਉਸ ਦਾ ਅੰਤਿਮ ਸੰਸਕਾਰ ਨਾ ਕਰਨ ਲਈ ਬਜ਼ਿੱਦ ਸਨ।


Related News