ਵਿਧਾਇਕਾਂ ਦੀਆਂ ਪੱਗੜੀਆਂ ਉਤਰੀਆਂ ਜਾਂ ਨਹੀਂ, ਜਾਂਚ ਕਰ ਰਹੇ ਨੇ ਵਿਧਾਨ ਸਭਾ ਸਪੀਕਰ : ਸੁਨੀਲ ਜਾਖੜ

06/26/2017 10:46:38 AM

ਗੁਰਦਾਸਪੁਰ - ਵਿਧਾਨ ਸਭਾ 'ਚ ਅਕਾਲੀ ਨੇਤਾਵਾਂ ਬੀਤੇ ਦਿਨੀਂ ਜੋ ਕੁਝ ਕੀਤਾ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਚ ਅੰਦਰਖਾਤੇ ਸਮਝੌਤਾ ਹੋਇਆ ਹੈ ਅਤੇ ਇਨ੍ਹਾਂ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਪੰਜਾਬ ਵਿਰੋਧੀ ਹੈ ਪਰ ਪੰਜਾਬ ਸਰਕਾਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵੇਗੀ। 
ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਬਾਵਾ ਰਿਜ਼ੋਰਟ 'ਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਿਧਾਨ ਸਭਾ ਵਿਚ ਹੋਏ ਹੰਗਾਮੇ ਵਿਚ ਜੋ ਵਿਧਾਇਕਾਂ ਦੀਆਂ ਪੱਗੜੀਆਂ ਉਤਰਨ ਦਾ ਰੌਲਾ ਅਕਾਲੀ ਦਲ ਪਾ ਰਿਹਾ ਹੈ, ਉਹ ਇਕ ਡਰਾਮਾ ਹੈ ਅਤੇ ਵਿਧਾਨ ਸਭਾ ਸਪੀਕਰ ਨੂੰ ਕਿਹਾ ਗਿਆ ਹੈ ਕਿ ਉਹ ਸਾਰੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰੇ ਤਾਂ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੋਸ਼ ਲਾ ਰਿਹਾ ਹੈ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਪੰਜਾਬ ਸਰਕਾਰ ਨੇ ਗੁਮਰਾਹ ਕੀਤਾ ਹੈ ਜਦਕਿ ਬਜਟ 'ਚ ਕਿਸੇ ਤਰ੍ਹਾਂ ਦੀ ਕੋਈ ਗੱਲ ਲੁਕਾਈ ਨਹੀਂ ਗਈ ਹੈ। ਉਨ੍ਹਾਂ ਕਿਹਾ ਕਿ ਪੰਜ ਏਕੜ ਤੱਕ ਦੀ ਜ਼ਮੀਨ ਦੇ ਮਾਲਕ ਕਿਸਾਨਾਂ ਦਾ ਜੋ ਕਰਜ਼ਾ ਮੁਆਫ ਕੀਤਾ ਜਾਣਾ ਹੈ, ਉਹ ਕੁੱਲ 9500 ਕਰੋੜ ਰੁਪਏ ਬਣਦਾ ਹੈ ਪਰ ਇਸ ਬਜਟ 'ਚ ਪੰਜਾਬ ਸਰਕਾਰ ਵੱਲੋਂ ਬੈਂਕਾਂ ਨੂੰ ਪਹਿਲੀ ਕਿਸ਼ਤ ਦੇ ਰੂਪ 'ਚ ਅਦਾ ਕਰਨ ਲਈ 1500 ਕਰੋੜ ਰੁਪਏ ਦੀ ਵਿਵਸਥਾ ਹੈ। ਬੈਂਕਾਂ ਨੂੰ ਕਰਜ਼ਾ ਰਾਸ਼ੀ ਅਦਾ ਕਰਨਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਸੰਬੰਧੀ ਬੈਂਕਾਂ ਨਾਲ ਸਾਰੀ ਗੱਲ ਹੋ ਚੁੱਕੀ ਹੈ। ਅਕਾਲੀ ਦਲ ਵੱਲੋਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। 
ਜਾਖੜ ਨੇ ਦੋਸ਼ ਲਾਇਆ ਕਿ ਅੱਜ ਅਕਾਲੀ ਦਲ ਨੂੰ ਧਾਰਮਿਕ ਅਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਯਾਦ ਆ ਰਹੀਆਂ ਹਨ ਜਦਕਿ ਉਨ੍ਹਾਂ ਦੇ ਸ਼ਾਸਨ 'ਚ ਜਿੰਨੀਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹ ਇਕ ਰਿਕਾਰਡ ਸੀ। ਅਕਾਲੀ ਦਲ ਬੇਅਦਬੀ ਦੇ ਮਾਮਲਿਆਂ ਨੂੰ ਹਵਾ ਦੇ ਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਪਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਇਸ ਰੈਲੀ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਚੌਧਰੀ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਭੋਆ ਦੇ ਵਿਧਾਇਕ ਜੋਗਿੰਦਰ ਪਾਲ, ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਕਾਦੀਆਂ ਦੇ ਵਿਧਾਇਕ ਫਤਿਹ ਸਿੰਘ ਬਾਜਵਾ ਸਮੇਤ ਹੋਰਨਾਂ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਸਮੂਹ ਵਿਧਾਇਕਾਂ ਨੇ ਜਾਖ਼ੜ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮੰਚ 'ਤੇ ਸਾਬਕਾ ਮੰਤਰੀ ਸੁਸ਼ੀਲ ਮਹਾਜਨ, ਪਠਾਨਕੋਟ ਦੇ ਜ਼ਿਲਾ ਪ੍ਰਧਾਨ ਅਨਿਲ ਵਿਜ, ਗੁਰਮੀਤ ਸਿੰਘ ਪਾਹੜਾ, ਸਲਾਮਤ ਮਸੀਹ, ਰਾਜੂ ਘੁਰਾਲਾ, ਬਲਵਿੰਦਰ ਸਿੰਘ ਭੋਲਾ, ਅਜੇ ਵਰਮਾ, ਅਨੂੰ ਗੰਡੋਤਰਾ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਤ੍ਰਿਪਤਾ ਠਾਕੁਰ, ਸੁਰਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ।
'ਖੇਤੀ ਯੰਤਰਾਂ ਨੂੰ ਜੀ. ਐੱਸ. ਟੀ. 'ਚ ਸ਼ਾਮਲ ਕਰਨ ਦਾ ਮਾਮਲਾ ਗੰਭੀਰ'
ਇਸ ਮੌਕੇ ਪ੍ਰੈੱਸ ਕਾਨਫਰੰਸ 'ਚ ਖੇਤੀ ਯੰਤਰਾਂ ਸਮੇਤ ਖੇਤੀ ਕੰਮਾਂ ਵਿਚ ਪ੍ਰਯੋਗ ਹੋਣ ਵਾਲੇ ਸਾਮਾਨ ਨੂੰ ਜੀ. ਐੱਸ. ਟੀ. 'ਚ ਸ਼ਾਮਲ ਕੀਤੇ ਜਾਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਕਿਉਂਕਿ ਕਿਸਾਨੀ ਦਾ ਧੰਦਾ ਤਾਂ ਪਹਿਲਾਂ ਹੀ ਘਾਟੇ ਵਾਲਾ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਕੋਸ਼ਿਸ਼ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਜਲਦੀ ਹੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਗੇ।


Related News