ਭਾਰਤ-ਪਾਕਿ ਸਰਹੱਦ ''ਤੇ ਨਸ਼ੀਲੇ ਪਦਾਰਥਾਂ ਨੂੰ ਫੜਨ ''ਚ ਸਫਲਤਾ ਮਿਲੀ

01/17/2018 7:13:07 AM

ਜਲੰਧਰ  (ਧਵਨ) - ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਮੁਕੁਲ ਗੋਇਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਨਸ਼ਿਆਂ ਨੂੰ ਲੈ ਕੇ ਬੀ. ਐੱਸ. ਐੱਫ. ਨੂੰ ਸਮੇਂ-ਸਮੇਂ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੂਚਨਾਵਾਂ ਕਾਰਨ ਪੰਜਾਬ ਵਿਚ ਪੈਂਦੀ ਭਾਰਤ-ਪਾਕਿ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਹੱਦ 'ਤੇ ਫੜੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਹੋਇਆ ਹੈ।ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਪੁਲਸ ਤੋਂ ਮਿਲੀਆਂ ਸੂਚਨਾਵਾਂ ਤੋਂ ਬਾਅਦ ਪੰਜਾਬ ਦੀ ਸਰਹੱਦ 'ਤੇ ਨਸ਼ਿਆਂ ਨੂੰ ਫੜਨ ਦੇ ਸਿਰਫ 8 ਮਾਮਲੇ ਸਾਹਮਣੇ ਆਏ ਸਨ ਪਰ ਇਸ ਸਾਲ ਐੱਸ. ਟੀ. ਐੱਫ. ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ 'ਤੇ ਬੀ. ਐੱਸ. ਐੱਫ. ਨੇ ਲੱਗਭਗ 20 ਮਾਮਲਿਆਂ 'ਚ ਨਸ਼ੀਲੇ ਪਦਾਰਥਾਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵਿਚਾਲੇ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੋਹਾਂ ਫੋਰਸਾਂ ਦੇ ਆਪਸੀ ਤਾਲਮੇਲ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਗੋਇਲ ਨੇ ਕਿਹਾ ਕਿ 2017 ਵਿਚ ਬੀ. ਐੱਸ. ਐੱਫ. ਨੇ ਪੰਜਾਬ ਦੀ ਸਰਹੱਦ 'ਤੋਂ 279.49 ਕਿਲੋ ਹੈਰੋਇਨ ਜ਼ਬਤ ਕੀਤੀ, ਜੋ ਕਿ 2016 ਵਿਚ ਫੜੀ ਗਈ ਹੈਰੋਇਨ ਤੋਂ ਲੱਗਭਗ ਦੁੱਗਣੀ ਸੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਹੈਰੋਇਨ ਦੀ ਬੰਪਰ ਫਸਲ ਹੋਣ ਕਾਰਨ ਸਮੱਗਲਰਾਂ ਵਲੋਂ ਉਸ ਨੂੰ ਸਮੱਗਲਿੰਗ ਰਾਹੀਂ ਪੰਜਾਬ ਭੇਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਇਸ ਕਾਰਨ ਹੀ ਹਾਲ ਹੀ ਵਿਚ ਬੀ. ਐੱਸ. ਐੱਫ. ਨੇ ਇਕ ਹੀ ਕੋਸ਼ਿਸ਼ ਵਿਚ 55 ਕਿਲੋ ਹੈਰੋਇਨ ਵੱਡੀ ਮਾਤਰਾ ਵਿਚ ਫੜਨ 'ਚ ਸਫਲਤਾ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਦਿਨਾਂ 'ਚ ਧੁੰਦ ਦੇ ਮੌਸਮ ਦੇ ਬਾਵਜੂਦ ਬੀ. ਐੱਸ. ਐੱਫ. ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੇ ਸਖਤ ਚੌਕਸੀ ਰੱਖਦੇ ਹੋਏ ਨਸ਼ੀਲੇ ਪਦਾਰਥਾਂ ਨੂੰ ਪੰਜਾਬ ਆਉਣ ਤੋਂ ਰੋਕਿਆ ਅਤੇ ਸਮੱਗਲਰਾਂ ਦੀਆਂ ਕਈ ਕੋਸ਼ਿਸ਼ਾਂ ਨੂੰ ਅਸਫਲ ਬਣਾ ਦਿੱਤਾ।
ਫੋਨ ਰੋਕੂ ਯੰਤਰ ਮਿਲੇ ਤਾਂ ਸਰਹੱਦ ਦੀ ਹੋਰ ਚੰਗੇ ਢੰਗ ਨਾਲ ਹੋਵੇਗੀ ਸੁਰੱਖਿਆ
ਬੀ. ਐੱਸ. ਐੱਫ. ਪੰਜਾਬ ਦੇ ਆਈ. ਜੀ. ਗੋਇਲ ਨੇ ਕਿਹਾ ਹੈ ਕਿ ਜੇਕਰ ਬੀ. ਐੱਸ. ਐੱਫ. ਨੂੰ ਫੋਨ ਰੋਕੂ ਯੰਤਰ ਮੁਹੱਈਆ ਕਰਵਾ ਦਿੱਤਾ ਜਾਵੇ ਤਾਂ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਹੋਰ ਚੰਗੇ ਢੰਗ ਨਾਲ ਸੁਰੱਖਿਆ ਕਰ ਸਕਦੀ ਹੈ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਖਰੀ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਬੀ. ਐੱਸ. ਐੱਫ. ਨੂੰ ਫੋਨ ਰੋਕੂ ਯੰਤਰ ਮਿਲਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਫੋਨ ਰੋਕੂ ਯੰਤਰ ਬੀ. ਐੱਸ. ਐੱਫ. ਨੂੰ ਮੁਹੱਈਆ ਕਰਵਾਉਣ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰਨ ਲਈ ਪਿਆ ਹੋਇਆ ਹੈ।


Related News