14 ਰੇਲਵੇ ਸਟੇਸ਼ਨਾਂ ''ਤੇ ਲੱਗੀਆਂ ਵਾਟਰ ਵੈਂਡਿੰਗ ਮਸ਼ੀਨਾਂ ਹੋਈਆਂ ਬੰਦ, ਯਾਤਰੀ ਰਹੇ ਪਰੇਸ਼ਾਨ

07/23/2017 10:54:08 AM

ਜਲੰਧਰ(ਗੁਲਸ਼ਨ)— ਫਿਰੋਜ਼ਪੁਰ ਰੇਲ ਮੰਡਲ ਦੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਜੰਮੂ ਤਵੀ, ਪਠਾਨਕੋਟ, ਬਿਆਸ ਸਮੇਤ 14 ਵੱਡੇ ਰੇਲਵੇ ਸਟੇਸ਼ਨਾਂ 'ਤੇ ਲੱਗੀਆਂ ਵਾਟਰ ਵੈਂਡਿੰਗ ਮਸ਼ੀਨਾਂ ਬੰਦ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਵਾਟਰ ਵੈਂਡਿੰਗ ਮਸ਼ੀਨਾਂ ਲਈ ਨਵੀਂ ਦਿੱਲੀ ਦੀ ਫੋਨਟਸ ਵਾਟਰ ਪ੍ਰਾ. ਲਿਮ. ਨਾਮੀ ਕੰਪਨੀ ਨੂੰ ਠੇਕਾ ਦਿੱਤਾ ਸੀ। ਕੰਪਨੀ ਨੇ ਆਈ. ਆਰ. ਸੀ. ਟੀ. ਸੀ. ਨਾਲ ਤੈਅ ਹੋਈਆਂ ਸ਼ਰਤਾਂ ਮੁਤਾਬਕ ਲਾਇਸੈਂਸ ਫੀਸ ਜਮ੍ਹਾ ਨਹੀਂ ਕੀਤੀ। ਇਸ ਸਬੰਧੀ ਕੰਪਨੀ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਫੀਸ ਨਹੀਂ ਜਮ੍ਹਾ ਕਰਵਾਈ, ਜਿਸ ਤੋਂ ਬਾਅਦ ਆਈ. ਆਰ. ਸੀ. ਟੀ. ਸੀ. ਨੇ ਐਕਸ਼ਨ ਲੈਂਦੇ ਹੋਏ ਉਕਤ ਕੰਪਨੀ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਵਾਟਰ ਵੈਂਡਿੰਗ ਮਸ਼ੀਨਾਂ ਦਾ ਆਪਰੇਸ਼ਨ ਸਸਪੈਂਡ ਕਰ ਦਿੱਤਾ। ਸੂਤਰਾਂ ਮੁਤਾਬਕ ਕੰਪਨੀ ਵੱਲ 85 ਲੱਖ ਰੁਪਏ ਬਕਾਇਆ ਹੈ। ਆਈ. ਆਰ. ਸੀ. ਟੀ. ਦੇ ਸੂਤਰਾਂ ਮੁਤਾਬਕ ਕੰਪਨੀ ਵੱਲੋਂ ਜੇ ਜਲਦੀ ਹੀ ਰਾਸ਼ੀ ਜਮ੍ਹਾ ਨਾ ਕਰਵਾਈ ਗਈ ਤਾਂ ਸਖਤ ਐਕਸ਼ਨ ਲਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਗਰਮੀ ਅਤੇ ਹੁੰਮਸ ਦੇ ਦਿਨਾਂ ਵਿਚ ਰੇਲਵੇ ਸਟੇਸ਼ਨ 'ਤੇ ਵਾਟਰ ਵੈਂਡਿੰਗ ਮਸ਼ੀਨਾਂ ਬੰਦ ਹੋਣ ਨਾਲ ਰੇਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਸ ਸੰਬੰਧ ਵਿਚ ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵਾਟਰ ਵੈਂਡਿੰਗ ਮਸ਼ੀਨਾਂ ਬੰਦ ਹੋਣ ਬਾਰੇ ਅਣਜਾਣਪੁਣਾ ਪ੍ਰਗਟਾਇਆ।


Related News