ਭਾਗਸਰ ਪਿੰਡ ਵਿਖੇ ਜਲਘਰ ਦੀਆਂ ਟੂਟੀਆਂ ਦਾ ਪਾਣੀ ਡੁੱਲਦਾ ਹੈ ਗਲੀਆਂ ਵਿਚ

06/25/2017 1:05:42 AM

ਮੰਡੀ ਲੱਖੇਵਾਲੀ,   (ਸੁਖਪਾਲ)-  ਇਕ ਪਾਸੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਤੇ ਪੈ ਰਹੀ ਅੱਤ ਦੀ ਗਰਮੀ ਕਾਰਨ ਪਾਣੀ ਦੀ ਹੋਰ ਵੀ ਬਹੁਤ ਜ਼ਿਆਦਾ ਲੋੜ ਹੈ ਪਰ ਦੂਜੇ ਪਾਸੇ ਲੋਕ ਪਾਣੀ ਦੀ ਕੀਮਤ ਨੂੰ ਸਮਝ ਹੀ ਨਹੀਂ ਰਹੇ ਤੇ ਪਾਣੀ ਨੂੰ ਵਰਤਿਆ ਘੱਟ ਜਾਂਦਾ ਹੈ ਤੇ ਫਾਲਤੂ ਹੀ ਗਲੀਆਂ ਵਿਚ ਜ਼ਿਆਦਾ ਡੋਲਿਆ ਜਾ ਰਿਹਾ ਹੈ। ਇਸ ਦੀ ਮਿਸਾਲ ਇਸ ਖੇਤਰ ਦੇ ਵੱਡੇ ਪਿੰਡ ਭਾਗਸਰ ਤੋਂ ਮਿਲਦੀ ਹੈ, ਜਿਥੇ ਜਲਘਰ ਦੀਆਂ ਟੂਟੀਆਂ ਦਾ ਪਾਣੀ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਵਿਚ ਡੁੱਲਦਾ ਫਿਰਦਾ ਹੈ। 
ਜ਼ਿਕਰਯੋਗ ਹੈ ਕਿ ਉਕਤ ਪਿੰਡ ਵਿਚ 5 ਕਰੋੜ ਰੁਪਏ ਤੋਂ ਵੱਧ ਖਰਚਾ ਕਰ ਕੇ ਆਧੁਨਿਕ ਸਹੂਲਤਾਂ ਵਾਲਾ ਨਵਾਂ ਜਲਘਰ ਬਣਾਇਆ ਗਿਆ ਹੈ ਤੇ ਪਿੰਡ ਦੀਆਂ ਸਾਰੀਆਂ ਗਲੀਆਂ ਵਿਚੋਂ ਪੁਰਾਣੀਆਂ ਪਾਈਪਾਂ ਪੁੱਟ ਕੇ ਨਵੀਆਂ ਪਾਈਪਾਂ ਪਾ ਕੇ ਲੋਕਾਂ ਦੇ ਘਰਾਂ ਵਿਚ ਜਲਘਰ ਦੀਆਂ ਟੂਟੀਆਂ ਦੇ ਨਵੇਂ ਕੁਨੈਕਸ਼ਨ ਦਿੱਤੇ ਗਏ ਹਨ ਪਰ ਨਵੇਂ ਕੁਨੈਕਸ਼ਨ ਦੇਣ ਸਮੇਂ ਲੋਕਾਂ ਦੇ ਘਰਾਂ ਵਿਚ ਇਕੱਲੀਆਂ ਪਾਈਪਾਂ ਕੱਢ ਕੇ ਹੀ ਛੱਡ ਦਿੱਤੀਆਂ ਗਈਆਂ ਸਨ ਤੇ ਇਨ੍ਹਾਂ ਪਾਈਪਾਂ ਉੱਪਰ ਗੇਟਵਾਲ ਨਹੀਂ ਲਾਏ ਗਏ। ਕਈ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਪਈਆਂ ਖਾਲੀ ਥਾਵਾਂ ਵਿਚ ਵੀ ਜਲਘਰ ਦੀਆਂ ਟੂਟੀਆਂ ਦੇ ਕੁਨੈਕਸ਼ਨ ਲਵਾ ਲਏ ਹਨ । ਹੁਣ ਜਦੋਂ ਜਲਘਰ ਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਗੇਟਵਾਲ ਨਾ ਲੱਗੇ ਹੋਣ ਕਾਰਨ ਟੂਟੀਆਂ ਦਾ ਪਾਣੀ ਅਜਾਈ ਜਾ ਰਿਹਾ ਹੈ ਤੇ ਡੁੱਲ ਰਿਹਾ ਹੈ। ਕੁਝ ਜ਼ਿੰਮੇਵਾਰ ਲੋਕਾਂ ਨੇ ਭਾਵੇਂ ਪਾਈਪਾਂ ਉੱਪਰ ਗੇਟਵਾਲ ਲਵਾ ਲਏ ਹਨ ਪਰ ਬਹੁਤੇ ਲੋਕਾਂ ਨੇ ਅਜੇ ਤੱਕ ਗੇਟਵਾਲ ਨਹੀਂ ਲਵਾਏ, ਜਿਸ ਕਰਕੇ ਪਾਣੀ ਦਾ ਨੁਕਸਾਨ ਹੋ ਰਿਹਾ ਹੈ। ਫਾਲਤੂ ਪਾਣੀ ਡੁੱਲਣ ਕਾਰਨ ਅਗਲੇ ਘਰਾਂ ਵਿਚ ਜਾਣ ਵਾਲੇ ਪਾਣੀ ਦਾ ਪਰੈਸ਼ਰ ਵੀ ਘੱਟ ਜਾਂਦਾ ਹੈ।  ਉਕਤ ਪਿੰਡ ਵਿਚ ਧਰਤੀ ਹੇਠਲਾਂ ਪਾਣੀ ਬੇਹੱਦ ਖਰਾਬ, ਕੌੜਾ ਤੇ ਸ਼ੋਰੇਵਾਲਾ ਹੈ, ਜਿਸ ਕਰਕੇ ਪਿੰਡ ਦੇ ਅਨੇਕਾਂ ਲੋਕਾਂ ਨੂੰ ਪਹਿਲਾਂ ਹੀ ਖਤਰਨਾਕ ਬੀਮਾਰੀਆਂ ਲੱਗੀਆਂ ਹੋਈਆਂ ਹਨ। ਇਸੇ ਕਾਰਨ ਲੋਕਾਂ ਨੂੰ ਜਲਘਰ ਦੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਭਾਵੇਂ ਸਬੰਧਤ ਮਹਿਕਮੇ ਅਤੇ ਪਿੰਡ ਦੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਵਿਚ ਆਵਾਜ਼ ਵੀ ਦਿਵਾਈ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਪਾਈਪਾਂ ਉੱਪਰ ਗੇਟਵਾਲ ਨਹੀਂ ਲਾਏ, ਉਹ ਗੇਟਵਾਲ ਲਾ ਲੈਣ ਪਰ ਲੋਕਾਂ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਸਬੰਧਤ ਮਹਿਕਮੇ ਵੱਲੋਂ ਵੀ ਲੋਕਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। 
ਮਹਿਕਮਾ ਕਰੇਗਾ ਕਾਰਵਾਈ : ਜੇ. ਈ. - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ. ਈ. ਗੁਰਮੇਲ ਸਿੰਘ ਨੇ ਕਿਹਾ ਕਿ ਸਾਰੇ ਲੋਕ ਆਪਣੇ ਘਰਾਂ ਵਿਚ ਪਾਈਪਾਂ ਉੱਪਰ ਗੇਟਵਾਲ ਲਾ ਕੇ ਰੱਖਣ ਤੇ ਜਦ ਪਾਣੀ ਦੀ ਲੋੜ ਨਹੀਂ ਹੁੰਦੀ ਤਾਂ ਗੇਟਵਾਲ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਵਿਰੁੱਧ ਸਬੰਧਤ ਮਹਿਕਮੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


Related News