ਪਾਣੀ ਦੀ ਨਿਕਾਸੀ ਨਾ ਹੋਣਾ ਤੇ ਟੁੱਟੀਆਂ ਸੜਕਾਂ ਅਕਾਲੀ-ਭਾਜਪਾ ਸਰਕਾਰ ਦੀ ਦੇਣ: ਧਵਨ

06/26/2017 2:32:32 PM

ਮੋਗਾ(ਗਰੋਵਰ, ਗੋਪੀ)— ਸ਼ਹਿਰ 'ਚ ਪਾਣੀ ਦੀ ਨਿਕਾਸੀ ਨਾ ਹੋਣਾ ਅਤੇ ਟੁੱਟੀਆਂ ਸੜਕਾਂ ਕਾਂਗਰਸ ਸਰਕਾਰ ਅਤੇ ਲੋਕਾਂ ਨੂੰ ਵਿਰਾਸਤ 'ਚ ਮਿਲੀਆਂ ਹਨ, ਜੋ ਕਿ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹਨ। ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਪਲਾਨਿੰਗ ਅਤੇ ਕੋ-ਆਰਡੀਨੇਸ਼ਨ ਵਿੰਗ ਦੇ ਜ਼ਿਲਾ ਚੇਅਰਮੈਨ ਰਾਮਪਾਲ ਧਵਨ ਨੇ ਇਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਸਰਕਾਰ ਨੇ ਮੋਗਾ ਸ਼ਹਿਰ 'ਚ ਵਿਕਾਸ ਦੇ ਨਾਂ 'ਤੇ ਵਿਨਾਸ਼ ਕੀਤਾ ਹੈ ਅਤੇ ਇਨ੍ਹਾਂ ਦੀ ਆਪਸੀ ਗੁੱਟਬੰਦੀ ਨੇ ਸ਼ਹਿਰ ਨੂੰ 10 ਸਾਲ ਪਿੱਛੇ ਧੱਕ ਦਿੱਤਾ ਹੈ। 
ਉਨ੍ਹਾਂ ਕਿਹਾ ਕਿ ਮੋਗਾ ਨਗਰ ਨਿਗਮ ਸਿਆਸਤ ਦੀ ਭੇਟ ਚੜ੍ਹੀ ਰਹੀ ਅਤੇ ਰਾਜਨੀਤਿਕ ਲੋਕ ਆਪਣੇ ਮੁਫਾਦਾਂ ਲਈ ਇਸ ਨੂੰ ਹਵਾ ਦਿੰਦੇ ਰਹੇ ਪਰ ਨੁਕਸਾਨ ਆਮ ਸ਼ਹਿਰੀ ਲੋਕਾਂ ਦਾ ਹੋਇਆ। ਇਸੇ ਵਜ੍ਹਾ ਕਾਰਨ ਅੱਜ ਸ਼ਹਿਰੀ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹੁਣ ਸਮਾਂ ਧਰਨੇ ਮੁਜ਼ਾਹਰਿਆਂ ਦਾ ਨਹੀਂ ਸਗੋਂ ਰਲ-ਮਿਲ ਕੇ ਸ਼ਹਿਰ ਦੇ ਸਮੁੱਚੇ ਵਿਕਾਸ ਦਾ ਏਜੰਡਾ ਤਿਆਰ ਕਰਨ ਦੀ ਲੋੜ ਹੈ ਅਤੇ ਜੇਕਰ ਕੌਂਸਲਰਾਂ ਨੇ ਧਰਨੇ-ਮੁਜ਼ਾਹਰੇ ਹੀ ਕਰਨੇ ਸਨ ਤਾਂ ਅਕਾਲੀ-ਭਾਜਪਾ ਦੇ ਰਾਜ 'ਚ ਕਿਉਂ ਨਹੀਂ ਕੀਤੇ? 
ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੂੰ ਮੇਅਰ ਸਹੀ ਨਹੀਂ ਲੱਗਦਾ ਤਾਂ ਇਹ ਉਸ ਨੂੰ ਕੁਰਸੀ ਤੋਂ ਲਾਹ ਕੇ ਆਪਣਾ ਮੇਅਰ ਬਣਾ ਲੈਣ। ਅਕਾਲੀ-ਭਾਜਪਾ ਸਰਕਾਰ ਮੋਗਾ ਸ਼ਹਿਰ 'ਚ ਸੀਵਰੇਜ 'ਤੇ 66 ਕਰੋੜ ਰੁਪਿਆ ਖਰਚਣ ਦੇ ਨਾਲ-ਨਾਲ ਹੋਰ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕਰਦੀ ਸੀ ਪਰ ਸ਼ਹਿਰ ਦਾ ਵਿਕਾਸ ਕਿਤੇ ਨਜ਼ਰ ਨਹੀਂ ਆ ਰਿਹਾ ਅਤੇ ਸੀਵਰੇਜ ਸਿਸਟਮ ਦੇ ਫੇਲ ਹੋਣ ਕਾਰਨ ਸੜਕਾਂ 'ਤੇ ਮੀਂਹ ਦਾ ਪਾਣੀ 3-3 ਫੁੱਟ ਖੜ੍ਹਾ ਰਹਿੰਦਾ ਹੈ ਅਤੇ ਲੋਕਾਂ ਦੇ ਘਰਾਂ 'ਚ ਵੀ ਗੰਦਾ ਪਾਣੀ ਦਾਖਲ ਹੋ ਜਾਂਦਾ ਹੈ। ਅਸੀਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 'ਚ ਸ਼ਹਿਰ 'ਚ ਖਰਚੇ ਰੁਪਏ ਦੀ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਤੋਂ ਵਿਜੀਲੈਂਸ ਰਾਹੀਂ ਜਾਂਚ ਕਰਵਾਉਣ ਦੀ ਮੰਗ ਕਰਦੇ ਹਾਂ। ਸ਼ਹਿਰ ਦੀ ਦੁਰਦਸ਼ਾ ਨੈਸ਼ਨਲ ਹਾਈਵੇਅ ਦੇ ਕੰਮ 'ਚ ਹੋ ਰਹੀ ਦੇਰੀ ਕਾਰਨ ਹੋ ਰਹੀ ਹੈ, ਜੋ ਕਿ 2014 'ਚ ਪੂਰਾ ਹੋਣਾ ਸੀ ਪਰ ਅੱਜ ਸਾਲ 2017 ਅੱਧਾ ਲੰਘਣ ਦੇ ਬਾਵਜੂਦ ਵੀ ਅਧੂਰਾ ਪਿਆ ਹੈ।  ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਵਾਉਣ ਲਈ ਅਕਾਲੀ-ਭਾਜਪਾ ਦੇ ਕੌਂਸਲਰਾਂ ਨੂੰ ਕੇਂਦਰੀ ਮੰਤਰੀ ਗਡਕਰੀ ਦੇ ਘਰ ਅੱਗੇ ਧਰਨਾ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ। ਇਸ ਦੌਰਾਨ ਸਾਬਕਾ ਐੱਮ. ਸੀ. ਸਤੀਸ਼ ਗਰੋਵਰ, ਅਸ਼ਵਨੀ ਮੱਟੂ, ਸਾਹਿਲ ਅਰੋੜਾ, ਅਮਰਜੀਤ ਅੰਬੀ, ਜਗਸੀਰ ਸਿੰਘ ਸੀਰਾ, ਬਿੱਟੂ, ਸੰਜੇ ਗੋਇਲ, ਸੰਜੀਵ ਬੱਠਲਾ, ਬੱਬੂ, ਗੁਰਪ੍ਰੀਤ ਸਿੰਘ, ਆਦਰਸ਼ ਕੁਮਾਰ, ਰਮਨ ਮੱਕੜ, ਪ੍ਰਵੀਨ ਮੱਕੜ, ਸਰਬਜੀਤ ਕੌਰ ਆਦਿ ਮੌਜੂਦ ਸਨ।


Related News