ਡਿਪਟੀ ਸਪੀਕਰ ਦੇ ਨਿਰਦੇਸ਼ਾਂ ''ਤੇ ਖੁੱਲ੍ਹੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਜਾਗ

12/12/2017 6:01:32 AM

ਮਲੋਟ, (ਜੁਨੇਜਾ)- ਲੰਬੇ ਸਮੇਂ ਤੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਵਾਰਡ ਨੰਬਰ-23 ਦੇ ਵਾਸੀਆਂ ਨੂੰ ਉਸ ਵੇਲੇ ਰਾਹਤ ਮਿਲੀ, ਜਦੋਂ ਡਿਪਟੀ ਸਪੀਕਰ ਦੇ ਹੁਕਮਾਂ ਪਿੱਛੋਂ ਸੀਵਰੇਜ ਬੋਰਡ ਵਿਭਾਗ ਦੇ ਅਧਿਕਾਰੀਆਂ ਦੀ ਅੱਖ ਖੁੱਲ੍ਹੀ ਅਤੇ ਉਨ੍ਹਾਂ ਵੱਲੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਸ਼ਹਿਰ ਦੀ ਗੁਰੂ ਨਾਨਕ ਨਗਰੀ ਦੇ ਵਾਰਡ ਨੰਬਰ-23 ਦੀ ਸਾਬਕਾ ਕੌਂਸਲਰ ਬੀਬੀ ਜਸਵੀਰ ਕੌਰ ਵਾਲੀ ਗਲੀ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਾਰਡ ਅਤੇ ਗਲੀ ਵਾਸੀਆਂ ਵੱਲੋਂ ਵਾਰ-ਵਾਰ ਇਸ ਸਮੱਸਿਆ ਨੂੰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾ ਰਿਹਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ। 
ਅੱਜ ਮੀਟਿੰਗ ਦੌਰਾਨ ਹਰਦੀਪ ਸਿੰਘ ਖਾਲਸਾ ਨੇ ਇਹ ਮਾਮਲਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਧਿਆਨ 'ਚ ਲਿਆਂਦਾ ਸੀ, ਜਿਸ 'ਤੇ ਉਨ੍ਹਾਂ ਤੁਰੰਤ ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਐੱਸ. ਡੀ. ਓ. ਰਾਕੇਸ਼ ਮੋਹਨ ਮੱਕੜ ਨੂੰ ਬੁਲਾ ਕੇ ਇਹ ਸਮੱਸਿਆ ਤੁਰੰਤ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਲਈ ਬਕਾਇਦਾ ਸੀਵਰੇਜ ਅਤੇ ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਰਾਕੇਸ਼ ਮੋਹਨ ਮੱਕੜ ਨੇ ਅੱਜ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਖਾਲਸਾ ਨੇ ਦੱਸਿਆ ਕਿ ਲੋਕਾਂ ਦੀ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ। ਇਸ ਦੌਰਾਨ ਹਰਦੀਪ ਸਿੰਘ ਖਾਲਸਾ ਤੋਂ ਇਲਾਵਾ ਕੁਲਦੀਪ ਸਿੰਘ, ਵਿਜੇ ਕੁਮਾਰ ਆਦਿ ਮੌਜੂਦ ਸਨ। 


Related News