ਸੀ. ਪੀ. ਆਈ. ਐੱਮ. ਨੇ ਆਰ. ਐੱਸ. ਐੱਸ. ਦਾ ਫੂਕਿਆ ਪੁਤਲਾ

10/17/2017 6:59:57 AM

ਮੁਕੇਰੀਆਂ, (ਨਾਗਲਾ)- ਸੀ. ਪੀ. ਆਈ. ਐੱਮ. ਦੀ ਤਹਿਸੀਲ ਕਮੇਟੀ ਵੱਲੋਂ ਆਰ. ਐੱਸ. ਐੱਸ. ਤੇ ਭਾਜਪਾ ਦੇ ਕਥਿਤ ਸ਼ਰਾਰਤੀ ਅਨਸਰਾਂ ਵੱਲੋਂ ਅਗਾਂਹਵਧੂ ਲੋਕਾਂ ਤੇ ਕੇਰਲਾ ਵਿਚ ਖੱਬੀ ਧਿਰ ਦੇ ਆਗੂਆਂ ਤੇ ਵਰਕਰਾਂ 'ਤੇ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਆਰ. ਐੱਸ. ਐੱਸ. ਦਾ ਪੁਤਲਾ ਫੂਕਿਆ ਗਿਆ। ਸਿਵਲ ਹਸਪਤਾਲ ਚੌਕ 'ਚ ਕੀਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਕੀਤੀ। ਇਸ ਤੋਂ ਪਹਿਲਾਂ ਬੱਸ ਅੱਡੇ 'ਤੇ ਸੀ. ਪੀ. ਆਈ. ਐੱਮ. ਕਾਰਕੁੰਨਾਂ ਵੱਲੋਂ ਰੋਸ ਰੈਲੀ ਵੀ ਕੀਤੀ ਗਈ।
ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨਾਟਕਾ 'ਚ ਗੌਰੀ ਲੰਕੇਸ਼ ਦੀ ਕੀਤੀ ਹੱਤਿਆ ਇਸ ਦਾ ਸਬੂਤ ਹੈ। ਹੁਣ ਕੇਰਲਾ ਵਿਚ ਖੱਬੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਰ. ਐੱਸ. ਐੱਸ. ਦੇ ਨਿਰਦੇਸ਼ਾਂ 'ਤੇ ਕੰਮ ਕਰਨ ਵਾਲੀ ਮੋਦੀ ਸਰਕਾਰ ਦੀਆਂ ਨੀਤੀਆਂ ਜਨਤਾ 'ਤੇ ਬੋਝ ਲੱਦਣ ਵਾਲੀਆਂ ਹਨ। ਇਨ੍ਹਾਂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ. ਪੀ. ਆਈ. ਐੱਮ. ਤੇ ਸਮੁੱਚੀ ਖੱਬੀ ਧਿਰ ਨੂੰ ਚੁੱਪ ਕਰਵਾਉਣ ਲਈ ਅਜਿਹੇ ਹਮਲੇ ਕੀਤੇ ਜਾ ਰਹੇ ਹਨ। ਕਾਲਾ ਧਨ ਬਾਹਰ ਕਢਵਾਉਣ ਦੇ ਨਾਂ 'ਤੇ ਕੀਤੀ ਨੋਟਬੰਦੀ ਨੇ ਲੋਕਾਂ ਨੂੰ ਆਰਥਿਕ ਤੌਰ 'ਤੇ ਕੰਗਾਲ ਕਰ ਦਿੱਤਾ ਹੈ ਜਦੋਂਕਿ ਸਰਮਾਏਦਾਰਾਂ ਦਾ ਕਾਲਾ ਧਨ ਹਾਲੇ ਵੀ ਵਿਦੇਸ਼ੀ ਬੈਂਕਾਂ 'ਚ ਜਮ੍ਹਾ ਹੈ। ਮੋਦੀ ਸਰਕਾਰ 
ਹਰ ਮੁੱਦੇ 'ਤੇ ਫੇਲ ਹੋਈ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਗੈਰ ਜ਼ਰੂਰੀ ਮੁੱਦੇ ਉਛਾਲ ਕੇ ਫਿਰਕੂ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਰ. ਐੱਸ. ਐੱਸ. ਦੇ ਲੁਕਵੇਂ ਏਜੰਡਿਆਂ ਖਿਲਾਫ਼ ਤਿੱਖਾ ਅੰਦੋਲਨ ਛੇੜਿਆ ਜਾਵੇਗਾ। 
ਇਸ ਮੌਕੇ ਸ਼ਮਸ਼ੇਰ ਸਿੰਘ, ਯਸ਼ਪਾਲ ਸਿੰਘ, ਧਿਆਨ ਸਿੰਘ, ਘਣਸ਼ਾਮ ਦਾਸ, ਰਜਿੰਦਰ ਸਿੰਘ, ਵਿਜੇ ਸਿੰਘ, ਸੁਖਦੇਵ ਸਿੰਘ ਤਲਵਾੜਾ, ਬਲਵੀਰ ਸਿੰਘ, ਬਲਵੰਤ ਸਿੰਘ, ਮਨੋਹਰ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਮੰਗੀ ਰਾਮ, ਕੇਹਰ ਸਿੰਘ, ਕ੍ਰਿਸ਼ਨ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ, ਮੇਹਰ ਸਿੰਘ, ਰੇਸ਼ਮ ਸਿੰਘ ਅਤੇ ਮੋਹਣ ਸਿੰਘ ਆਦਿ ਹਾਜ਼ਰ ਸਨ।


Related News