ਪਾਣੀ ਦੀ ਕਿੱਲਤ ਕਾਰਨ ਵਾਰਡ ਨੰ. 1 ਦੇ ਲੋਕਾਂ ਕੀਤਾ ਮੁਜ਼ਾਹਰਾ

09/22/2017 6:44:37 AM

ਹੁਸ਼ਿਆਰਪੁਰ, (ਅਸ਼ਵਨੀ)- ਸ਼ਹਿਰ ਦੇ ਵਾਰਡ ਨੰ. 1 ਦੇ ਵਾਸੀਆਂ ਨੇ ਅੱਜ ਜ਼ਿਲਾ ਇੰਟਕ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਨਗਰ ਨਿਗਮ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਸਮਾਜ ਸੇਵਿਕਾ ਵਿਨੀ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੇ ਟਿਊਬਵੈੱਲ ਲਾਉਣ ਲਈ 2 ਸਾਲ ਪਹਿਲਾਂ ਨਗਰ ਨਿਗਮ ਨੂੰ 2 ਮਰਲੇ ਜ਼ਮੀਨ ਦਿੱਤੀ ਸੀ ਤਾਂ ਜੋ ਮੁਹੱਲਾ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਟਿਊਬਵੈੱਲ ਦਾ ਬੋਰ ਵੀ ਪੂਰਾ ਹੋ ਗਿਆ ਸੀ ਤੇ ਕਮਰਾ ਵੀ ਬਣ ਗਿਆ ਸੀ ਪਰ ਬਿਜਲੀ ਦਾ ਕੁਨੈਕਸ਼ਨ ਨਾ ਮਿਲਣ ਕਾਰਨ ਮੁਹੱਲੇ ਦੇ ਲੋਕ ਅੱਜ ਵੀ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। 
ਹਫ਼ਤੇ 'ਚ ਇਕ ਦਿਨ 
ਆਉਂਦੈ ਟੈਂਕਰ
ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫਰਿਆਦ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ। ਨਿਗਮ ਵੱਲੋਂ ਹਫ਼ਤੇ ਵਿਚ ਇਕ ਵਾਰ ਹੀ ਟੈਂਕਰ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। 
ਇਸ ਮੌਕੇ ਸਰਬਜੀਤ ਕੌਰ, ਮੋਨਿਕਾ ਰਾਣੀ, ਸਲੋਚਨਾ ਦੇਵੀ, ਜਸਵਿੰਦਰ ਕੌਰ, ਮਨਜੀਤ ਸਿੰਘ, ਰਾਜੇਸ਼ ਅਗਨੀਹੋਤਰੀ, ਪ੍ਰਕਾਸ਼ ਸਿੰਘ, ਸੌਰਵ ਕੁਮਾਰ, ਰਾਜੇਸ਼ ਕੁਮਾਰ ਆਦਿ ਨੇ ਕਿਹਾ ਕਿ ਮੁਹੱਲੇ ਵਿਚ ਬਿਜਲੀ ਦਾ ਕੁਨੈਕਸ਼ਨ ਤੁਰੰਤ ਦੇ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ। ਕਰਮਵੀਰ ਬਾਲੀ ਨੇ ਕਿਹਾ ਕਿ ਇਸ ਸਬੰਧ 'ਚ 22 ਸਤੰਬਰ ਨੂੰ ਕਮਿਸ਼ਨਰ ਨਗਰ ਨਿਗਮ ਹਰਬੀਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। 


Related News