ਤਨਖਾਹਾਂ ਲਈ ਭਟਕਦੇ ਰਹੇ ਨਿਗਮ ਮੁਲਾਜ਼ਮ

10/18/2017 3:38:14 AM

ਅੰਮ੍ਰਿਤਸਰ,   (ਵੜੈਚ)-  ਪਿਛਲੇ ਕਈ ਸਾਲਾਂ ਤੋਂ ਤਨਖਾਹਾਂ ਦੀ ਪ੍ਰਾਪਤੀ ਲਈ ਨਿਗਮ ਕਰਮਚਾਰੀ ਦਰਜਨਾਂ ਵਾਰ ਸੰਘਰਸ਼ ਕਰ ਚੁੱਕੇ ਹਨ। ਦੀਵਾਲੀ ਦੇ ਤਿਉਹਾਰ 'ਤੇ ਪਿਛਲੇ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਰ ਕੇ ਕਰਮਚਾਰੀ ਪ੍ਰੇਸ਼ਾਨ ਹਨ। ਲਗਭਗ ਪਿਛਲੇ 5 ਸਾਲਾਂ ਤੋਂ ਨਿਗਮ ਮੁਲਾਜ਼ਮਾਂ ਨੂੰ ਜ਼ਿਆਦਾਤਰ ਮਹੀਨਿਆਂ ਵਿਚ ਸਮੇਂ ਸਿਰ ਤਨਖਾਹਾਂ ਨਹੀਂ ਮਿਲੀਆਂ। ਨਿਗਮ ਦੇ ਪੁਰਾਣੇ ਦਫਤਰ ਟਾਊਨ ਹਾਲ ਤੋਂ ਲੈ ਕੇ ਨਵੇਂ ਦਫਤਰ ਰਣਜੀਤ ਐਵੀਨਿਊ ਤੱਕ ਕਰਮਚਾਰੀ ਤਨਖਾਹਾਂ ਲਈ ਜੱਦੋ-ਜਹਿਦ ਕਰਦੇ ਦੇਖੇ ਗਏ ਅਤੇ ਅੱਜ ਵੀ ਉਹੀ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਕੁਝ ਮਹੀਨੇ ਪਹਿਲਾਂ ਲਗਾਤਾਰ 22 ਦਿਨਾਂ ਦੀ ਲੰਬੀ ਹੜਤਾਲ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਚੰਡੀਗੜ੍ਹ ਸਥਿਤ ਦਫਤਰ ਵਿਚ ਬੈਠਕ ਤੋਂ ਬਾਅਦ ਤਨਖਾਹ ਨਸੀਬ ਹੋਈ ਸੀ ਪਰ ਫਿਰ ਉਹੀ ਹਾਲਾਤ ਬਣਨ ਕਰ ਕੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ।
ਲਗਭਗ ਹਰ ਵਾਰ ਸੰਘਰਸ਼ ਕਰ ਕੇ ਤਨਖਾਹਾਂ ਪ੍ਰਾਪਤ ਕਰਨ ਵਾਲੇ ਮੁਲਾਜ਼ਮ ਹੁਣ ਹੜਤਾਲ ਕਰਨ 'ਚ ਸ਼ਰਮ ਮਹਿਸੂਸ ਕਰਨ ਲੱਗ ਪਏ ਹਨ ਪਰ ਸਰਕਾਰ ਤੇ ਨਿਗਮ ਦੇ ਉੱਚ ਅਧਿਕਾਰੀ ਕਰਮਚਾਰੀਆਂ ਦੀਆਂ ਮਜਬੂਰੀਆਂ ਸਮਝਣ ਲਈ ਤਿਆਰ ਨਹੀਂ ਹੋ ਰਹੇ। ਤਿਉਹਾਰਾਂ ਦੇ ਮਹੀਨੇ ਤੋਂ ਪਹਿਲਾਂ ਹੀ ਕਰਮਚਾਰੀਆਂ ਨੇ ਤਨਖਾਹਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਹਾਲਾਂਕਿ ਪੰਜਾਬ ਸਰਕਾਰ ਦੇ ਨੇਤਾਵਾਂ ਨੇ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਖਾਤੇ ਵਿਚ ਤਨਖਾਹ ਪਾਈ ਜਾਵੇਗੀ।
ਕੋਈ ਨਹੀਂ ਫੜ ਰਿਹਾ ਮੁਲਾਜ਼ਮਾਂ ਦੀ ਬਾਂਹ : ਕਮੇਟੀ
ਨਗਰ ਨਿਗਮ ਦੀ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਵਾਲੀਆ, ਕਰਮਜੀਤ ਸਿੰਘ ਕੇ. ਪੀ., ਮੇਜਰ ਸਿੰਘ, ਪਰਮਜੀਤ ਸਿੰਘ ਤੇ ਸਤਿੰਦਰ ਸਿੰਘ ਨੇ ਕਿਹਾ ਕਿ ਅਸੀਂ ਤਨਖਾਹਾਂ ਲਈ ਸੰਘਰਸ਼ ਕਰ ਕੇ ਪ੍ਰੇਸ਼ਾਨ ਹੋ ਚੁੱਕੇ ਹਾਂ। ਸਰਕਾਰ ਜਾਂ ਉੱਚ ਅਧਿਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ। ਤਨਖਾਹਾਂ ਲਈ ਅਕਾਊਂਟ ਅਧਿਕਾਰੀ ਨੂੰ ਮਿਲਣ ਜਾਂਦੇ ਹਾਂ ਤਾਂ ਉਨ੍ਹਾਂ ਦੀ ਸੀਟ ਖਾਲੀ ਹੀ ਮਿਲਦੀ ਹੈ। ਵਾਲੀਆ ਨੇ ਕਿਹਾ ਕਿ ਸੋਮਵਾਰ ਅਕਾਊਂਟ ਅਧਿਕਾਰੀ ਮਨੂ ਸ਼ਰਮਾ ਤੇ ਅਕਾਊਂਟ ਵਿਭਾਗ ਵਿਚ ਤਨਖਾਹਾਂ ਸਬੰਧੀ ਗਏ ਤਾਂ ਦਫਤਰ ਤਾਂ ਖੁੱਲ੍ਹੇ ਸਨ ਪਰ ਕੁਰਸੀਆਂ ਖਾਲੀ ਪਈਆਂ ਸਨ। ਕਮਿਸ਼ਨਰ ਲਈ ਠੇਕੇਦਾਰਾਂ ਦੇ ਚੈੱਕ ਕੱਟੇ ਜਾਂਦੇ ਹਨ ਪਰ ਮੁਲਾਜ਼ਮਾਂ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ। ਅਸੀਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕਰਦੇ ਹਾਂ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਪਰ ਠੇਕੇਦਾਰਾਂ ਦੇ ਚੈੱਕ ਕਿਵੇਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ 24 ਘੰਟੇ ਤੱਕ ਤਨਖਾਹਾਂ ਰਿਲੀਜ਼ ਨਾ ਕੀਤੀਆਂ ਤਾਂ ਮੁਲਾਜ਼ਮ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।


Related News