ਮਹਿਲਾ ਅਕਾਲੀ ਆਗੂ ਦੀ ਕੁੱਟਮਾਰ ਤੇ ਅਰਧ ਨਗਨ ਕਰਨ ਦੀ ਵੀਡੀਓ ਹੋਈ ਵਾਇਰਲ

12/11/2017 3:18:11 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਅਕਾਲੀ ਦਲ ਦੀ ਮਹਿਲਾ ਆਗੂ ਦੀ ਹੋਈ ਕੁੱਟਮਾਰ ਤੇ ਅਰਧ ਨਗਨ ਕਰਨ ਦੀ ਵਾਇਰਲ ਹੋਈ ਵੀਡੀਓ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਪੁਲਸ ਨੇ ਉਕਤ ਆਗੂ ਦੇ ਬਿਆਨਾਂ ਦੇ ਆਧਾਰ 'ਤੇ ਇਲਾਕੇ ਦੇ ਪ੍ਰਸਿੱਧ ਡੇਰੇ ਦੇ ਮਹੰਤ ਹੁਕਮ ਦਾਸ ਬਬਲੀ ਦੀ ਪਤਨੀ, ਪੁੱਤਰ ਤੇ ਸਾਥੀਆਂ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਉਕਤ ਆਗੂ ਮਹੰਤ ਹੁਕਮ ਦਾਸ ਬਬਲੀ ਨਾਲ ਮੰਦਰ ਸੋਲ੍ਹਾਂ ਵਾਲਾ ਮੱਠ 'ਤੇ ਮੱਥਾ ਟੇਕਣ ਗਈ ਸੀ। ਇਸ ਗੱਲ ਦੀ ਭਿਣਕ ਮਹੰਤ ਦੇ ਪੁੱਤਰ ਤੇ ਪਤਨੀ ਨੂੰ ਲੱਗ ਗਈ, ਜੋ ਉਨ੍ਹਾਂ ਦੇ ਪਿੱਛੇ ਲੱਗ ਗਏ ਤੇ ਆਗੂ ਨੂੰ ਮੰਦਰ 'ਚ ਹੀ ਫੜ ਲਿਆ ਤੇ ਘਸੀਟਦੇ ਹੋਏ ਇਕ ਕਮਰੇ 'ਚ ਲੈ ਗਏ। ਉਥੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਉਸ ਦੀ ਗੁੱਤ ਕੱਟਣ ਦੀ ਕੋਸ਼ਿਸ਼ ਵੀ ਕੀਤੀ। ਡੇਰੇ ਦਾ ਮਹੰਤ ਇਕ ਪਾਸੇ ਸਹਿਮ ਕੇ ਇਹ ਨਜ਼ਾਰਾ ਦੇਖ ਰਿਹਾ ਸੀ ਪਰ ਉਸ ਦੀ ਇਕ ਨਾ ਚੱਲੀ।
ਮਹੰਤ ਦੀ ਪਤਨੀ ਤੇ ਪੁੱਤਰ ਜ਼ਮਾਨਤ 'ਤੇ
ਜਦੋਂ ਇਸ ਸੰਬੰਧ 'ਚ ਡੀ. ਐੈੱਸ. ਪੀ. ਰਾਜੇਸ਼ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਅਕਾਲੀ ਆਗੂ ਦੇ ਬਿਆਨਾਂ ਦੇ ਆਧਾਰ 'ਤੇ ਮਹੰਤ ਦੀ ਪਤਨੀ ਰਾਜਵਿੰਦਰ ਕੌਰ, ਉਸ ਦੇ ਪੁੱਤਰ ਸੋਮਨਾਥ ਸੋਨਾ ਤੇ ਉਨ੍ਹਾਂ ਦੇ ਸਾਥੀਆਂ ਵਿਜੇ ਕੁਮਾਰ ਉਰਫ ਬੰਟੀ, ਕਮਲਦੀਪ ਸ਼ਰਮਾ ਤੇ ਤਿੰਨ ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ।
ਮਹੰਤ ਦੀ ਪਤਨੀ ਤੇ ਉਸ ਦੇ ਪੁੱਤਰ ਨੇ ਅਦਾਲਤ 'ਚੋਂ ਜ਼ਮਾਨਤ ਲੈ ਲਈ ਹੈ, ਜਿਨ੍ਹਾਂ ਨੂੰ 15 ਦਸੰਬਰ ਤੱਕ ਪੁਲਸ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਵਿਜੇ ਕੁਮਾਰ ਉਰਫ ਬੰਟੀ, ਜੋ ਸੋਮਨਾਥ ਦਾ ਸਾਥੀ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾ ਦਾ ਕਹਿਣਾ ਹੈ ਕਿ ਵੀਡੀਓ ਇਸੇ ਨੇ ਹੀ ਬਣਾਈ ਹੈ। ਇਕ ਹੋਰ ਨਾਮਜ਼ਦ ਵਿਅਕਤੀ ਕਮਲਦੀਪ ਸ਼ਰਮਾ ਨੂੰ ਹਿਰਾਸਤ 'ਚ ਲੈਣ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ਤੇ ਅਣਪਛਾਤੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਿੱਖ ਧਰਮ ਨਾਲ ਸੰਬੰਧਤ ਹਾਂ, ਕੇਸ ਕੱਟਣਾ ਭਾਵਨਾਵਾਂ ਨਾਲ ਵੀ ਖਿਲਵਾੜ
ਸਿਵਲ ਹਸਪਤਾਲ 'ਚ ਗੱਲਬਾਤ ਕਰਦਿਆਂ ਅਕਾਲੀ ਦਲ ਦੀ ਆਗੂ ਨੇ ਕਿਹਾ ਕਿ ਮੈਂ ਸਿੱਖ ਧਰਮ ਨਾਲ ਸੰਬੰਧਤ ਹਾਂ। ਮੇਰੇ ਕੇਸ ਕੱਟੇ ਗਏ ਹਨ, ਜਿਸ ਕਾਰਨ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਮੈਨੂੰ ਨਗਨ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ। ਮੇਰੀ ਬਾਂਹ ਦੀ ਹੱਡੀ ਟੁੱਟ ਗਈ। ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਮੈਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਜੋ ਧਾਰਾਵਾਂ ਮੁਲਜ਼ਮਾਂ 'ਤੇ ਲਾਈਆਂ ਹਨ, ਉਹ ਨਾਕਾਫੀ ਹਨ। ਇਸ ਤੋਂ ਸਖ਼ਤ ਧਾਰਾਵਾਂ ਲਾ ਕੇ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇੜੇ ਬੈਠੇ ਮਹੰਤ ਦਾ ਕਹਿਣਾ ਸੀ ਕਿ ਮੈਨੂੰ ਵੀ ਦੋ ਜਣਿਆਂ ਨੇ ਫੜ ਲਿਆ ਤੇ ਕੁੱਟਮਾਰ ਕੀਤੀ। ਇਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


Related News