ਗ੍ਰਾਮ ਡਾਕ ਸੇਵਕ ਅਣਮਿੱਥੇ ਸਮੇਂ ਦੀ ਹੜਤਾਲ ''ਤੇ

08/18/2017 12:03:57 AM

ਕਾਠਗੜ੍ਹ, (ਰਾਜੇਸ਼)- ਡਾਕਖਾਨਾ ਕਾਠਗੜ੍ਹ ਅਧੀਨ ਪੈਂਦੀਆਂ 16 ਬ੍ਰਾਂਚਾਂ ਦੇ ਗ੍ਰਾਮ ਡਾਕ ਸੇਵਕ ਆਪਣੀਆਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠ ਗਏ ਹਨ। ਇਸ ਸਬੰਧੀ ਬਲਦੇਵ ਰਾਜ ਬ੍ਰਾਂਚ ਮੁੱਤੋਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਡਾਕ ਸੇਵਕਾਂ ਤੋਂ ਕੰਮ ਤਾਂ ਪੂਰਾ ਲਿਆ ਜਾਂਦਾ ਹੈ ਪਰ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖਿਆ ਹੋਇਆ ਹੈ। ਹੜਤਾਲ ਮੌਕੇ ਉਨ੍ਹਾਂ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਵਾਉਣ, ਅੱਠ ਘੰਟੇ ਡਿਊਟੀ ਕਰਨ, ਬਣਦੇ ਭੱਤੇ ਦੇਣ ਆਦਿ ਮੰਗਾਂ ਨੂੰ ਮੰਨਵਾਉਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਬੀ.ਓ. ਬਾਗੋਵਾਲ, ਬਣਾਂ, ਭਰਥਲਾ, ਮਾਜਰਾ ਜੱਟਾਂ, ਮੁੱਤੋਂ, ਨਿੱਘੀ, ਰੈਲ ਮਾਜਰਾ ਤੇ ਐੱਸ.ਓ. ਆਸਰੋਂ ਦੇ ਗ੍ਰਾਮ ਡਾਕ ਸੇਵਕ ਬਲਦੇਵ ਰਾਜ ਮੁੱਤੋਂ, ਰਜਿੰਦਰ, ਚਰਨਜੀਤ ਰਾਮ, ਕੁਲਦੀਪ, ਸ਼ਾਮ ਲਾਲ, ਅਜੇ ਕੁਮਾਰ, ਰਾਕੇਸ਼ ਕੁਮਾਰ, ਚਰਨਜੀਤ ਸਿੰਘ, ਗੁਰਮੀਤ ਕਮਲ, ਆਸ਼ਾ ਰਾਣੀ ਆਦਿ ਮੌਜੂਦ ਸਨ।
ਉਧਰ, ਬੀਤੀ 16 ਅਗਸਤ ਤੋਂ ਗ੍ਰ੍ਰਾਮ ਡਾਕ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣ ਕਾਰਨ ਕਾਠਗੜ੍ਹ ਹਲਕੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਨਵਾਂਸ਼ਹਿਰ, (ਤ੍ਰਿਪਾਠੀ)- 7ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਅੱਜ ਦੂਜੇ ਦਿਨ ਵੀ ਮੁੱਖ ਡਾਕਘਰ ਦੇ ਬਾਹਰ ਧਰਨਾ ਦੇ ਕੇ ਕੇਂਦਰ ਸਰਾਕਰ ਖਿਲਾਫ ਨਾਅਰੇਬਾਜ਼ੀ ਕੀਤੀ। 
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਜੋਗਾ ਸਿੰਘ ਮਹਾਲੋਂ, ਪ੍ਰੇਮਲਾਲ ਬਹਿਲੂਰ ਕਲਾਂ, ਦਲਜੀਤ ਕੌਰ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 7ਵਾਂ ਪੇ ਕਮਿਸ਼ਨ ਲਾਗੂ ਕੀਤੇ ਜਾਣ ਦੇ ਬਾਵਜੂਦ ਗ੍ਰਾਮੀਣ ਡਾਕ ਸੇਵਕਾਂ ਨੂੰ ਇਸ ਦਾ ਲਾਭ ਨਾ ਦੇ ਕੇ ਸਰਕਾਰ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਕੇਂਦਰੀ ਯੂਨੀਅਨ ਦੇ ਸੱਦੇ 'ਤੇ ਦੇਸ਼ 'ਚ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕਰ ਦਿੰਦੀ। ਇਸ ਮੌਕੇ ਸੁਖਵਿੰਦਰ ਸਿੰਘ ਬੁਹਾਰਾ, ਜੰਗ ਬਹਾਦਰ ਸਿੰਘ, ਜਸਵਿੰਦਰ, ਹਰਮੇਸ਼, ਜਸਵਿੰਦਰ ਕੁਮਾਰ ਕਿਸ਼ਨਪੁਰਾ, ਕੁਲਦੀਪ ਜਤਿਨ, ਹੈਪੀ, ਸਰਬਜੀਤ ਸਿੰਘ, ਹਰਦੀਪ ਸਿੰਘ ਤੇ ਜਸਵੀਰ ਵੀ ਹਾਜ਼ਰ ਸਨ।


Related News