ਵਿਜੀਲੈਂਸ ਜਾਂਚ ਬੰਦ ਨਾ ਹੋਈ ਤਾਂ ਲਵਾਂਗੇ ਸਮੂਹਿਕ ਛੁੱਟੀ : ਰੈਵੇਨਿਊ ਅਫ਼ਸਰ

08/17/2017 7:17:19 AM

ਸੁਰਸਿੰਘ,   (ਗੁਰਪ੍ਰੀਤ ਢਿੱਲੋਂ)-  ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਜੀਲੈਂਸ ਵਿਭਾਗ ਵੱਲੋਂ ਰੈਵੇਨਿਊ ਅਫ਼ਸਰਾਂ ਖਿਲਾਫ਼ ਵਿੱਢੀ ਜਾਂਚ ਬੰਦ ਨਾ ਹੋਈ ਤਾਂ ਉਹ 18 ਅਤੇ 21 ਅਗਸਤ ਨੂੰ ਸਮੂਹਿਕ ਛੁੱਟੀ 'ਤੇ ਚਲੇ ਜਾਣਗੇ। ਇਸ ਸਬੰਧੀ ਅੱਜ ਐਲਾਨੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਕਮ-ਵਿਸ਼ੇਸ਼ ਮੁੱਖ ਸਕੱਤਰ ਨੂੰ ਭੇਜੇ ਮੰਗ ਪੱਤਰ 'ਚ ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਫਿਰ ਵੀ ਸਰਕਾਰ ਨੇ ਇਹ ਫੈਸਲਾ ਨਾ ਬਦਲਿਆ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ। 
ਇਸ ਸਬੰਧੀ ਨਾਇਬ ਤਹਿਸੀਲਦਾਰ ਜਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਅਮਲੋਹ ਦੇ ਤਹਿਸੀਲਦਾਰ ਨਵਦੀਪ ਸਿੰਘ ਸੰਧੂ ਵਿਰੁੱਧ ਜਲੰਧਰ ਦੇ ਅਦਾਲਤੀ ਕੇਸ 'ਚ ਅਲਾਟਮੈਂਟ ਦੇ ਫੈਸਲੇ ਸਬੰਧੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਦਕਿ ਅਦਾਲਤੀ ਹੁਕਮਾਂ ਮੁਤਾਬਕ ਸਮਰੱਥ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਖਿਲਾਫ਼ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। 
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਸਿੱਧੇ ਤੌਰ 'ਤੇ ਵਿਜੀਲੈਂਸ ਨੂੰ ਭੇਜਣ ਦਾ ਮਤਲਬ ਹੈ ਕਿ ਸਮਰੱਥ ਅਧਿਕਾਰੀ ਉਕਤ ਤਹਿਸੀਲਦਾਰ ਨੂੰ ਕਿਸੇ ਸਾਜ਼ਿਸ਼ ਅਧੀਨ ਗੁਨਾਹਗਾਰ ਸਾਬਿਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਇਸ ਸਬੰਧੀ ਮੰਗ ਪੱਤਰ ਅੱਜ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਦਿੱਤਾ ਗਿਆ। ਇਸ ਮੌਕੇ ਤਹਿਸੀਲਦਾਰ ਸੀਮਾ ਸਿੰਘ, ਗੁਰਵਰਿਆਮ ਸਿੰਘ, ਸਰਬਜੀਤ ਸਿੰਘ, ਨਾਇਬ ਤਹਿਸੀਲਦਾਰ ਸੁਖਰਾਜ ਸਿੰਘ, ਅਸ਼ੋਕ ਕੁਮਾਰ, ਰਵਿੰਦਰ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।


Related News