ਵੱਖ-ਵੱਖ ਜਥੇਬੰਦੀਆਂ ਕੱਢਿਆ ਰੋਸ ਮਾਰਚ

06/27/2017 1:13:12 AM

ਸ੍ਰੀ ਮੁਕਤਸਰ ਸਾਹਿਬ,   (ਪਵਨ, ਭੁਪਿੰਦਰ)-  ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਵੱਲੋਂ 26 ਜੂਨ 1975 ਨੂੰ ਇੰਦਰਾ ਗਾਂਧੀ ਸਰਕਾਰ ਵੱਲੋਂ ਲਾਈ ਗਈ ਐਮਰਜੈਂਸੀ ਸਬੰਧੀ 'ਕਾਲਾ ਦਿਵਸ' ਮਨਾਉਂਦੇ ਹੋਏ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਦੂਲ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ, ਜਿਸ ਤਹਿਤ ਹਕੂਮਤ ਵਿਰੁੱਧ ਬੋਲਣ ਵਾਲੇ ਲੋਕਾਂ ਕਮਿਊਨਿਸਟਾਂ, ਸਮਾਜਿਕ ਕਾਰਕੁੰਨਾਂ ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਾਲਾਂ ਬੱਧੀ ਜੇਲ ਵਿਚ ਸੁੱਟਿਆ ਗਿਆ ਤੇ ਇਹ ਦਿਵਸ ਇਤਿਹਾਸ ਵਿਚ 'ਕਾਲੇ ਦਿਵਸ' ਵਜੋਂ ਜਾਣਿਆ ਜਾਂਦਾ ਹੈ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ ਤੇ ਡੀ. ਐੱਮ. ਐੱਫ. ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਮੋਦੀ ਸਰਕਾਰ ਕੇਂਦਰ ਵਿਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਹੁਣ ਆਰ. ਐੱਸ. ਐੱਸ. ਦੇ ਫਿਰਕੂ-ਫਾਂਸੀਵਾਦੀ ਏਜੰਡੇ ਲਾਗੂ ਕਰਨ ਲਈ ਧਾਰਮਿਕ ਫਿਰਕਿਆਂ ਨੂੰ ਆਪਸ ਵਿਚ ਲੜਾ ਰਹੀ ਹੈ। ਜੰਮੂ-ਕਸ਼ਮੀਰ ਵਿਚ ਲੋਕਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਇਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗਗਨ ਸੰਗਰਾਮੀ ਨੇ ਨਿਭਾਈ। 
ਇਸ ਸਮੇਂ ਹਰਦੀਪ ਕੌਰ ਕੋਟਲਾ, ਬਲਵਿੰਦਰ ਭੁੱਟੀਵਾਲਾ, ਪਵਨ ਕੁਮਾਰ, ਗੁਰਦਿਆਲ ਭੱਟੀ, ਜਗਜੀਤ ਸਿੰਘ, ਨੌਨਿਹਾਲ ਸਿੰਘ, ਗੁਰਵਿੰਦਰ ਦੀਪ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ। 
ਗਿੱਦੜਬਾਹਾ, (ਸੰਧਿਆ)-ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਪ੍ਰਧਾਨ ਵਿਨੋਦ ਕੁਮਾਰ ਲੱਕੀ ਦੇ ਦਫ਼ਤਰ ਵਿਖੇ ਕਾਲੇ ਬਿੱਲੇ ਲਾ ਕੇ 'ਕਾਲਾ ਦਿਵਸ' ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਵਿਨੋਦ ਕੁਮਾਰ ਲੱਕੀ ਨੇ ਦੱਸਿਆ ਕਿ ਇਹ 'ਕਾਲਾ ਦਿਵਸ' 25 ਜੂਨ 1975 ਨੂੰ ਦੇਸ਼ ਵਿਚ ਲੱਗੀ ਐਮਰਜੈਂਸੀ ਦੇ ਕਾਰਨ ਪੂਰੇ ਦੇਸ਼ ਭਰ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਮਨਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਸ਼ਾਂਤੀ ਕਾਇਮ ਰੱਖਣ ਲਈ ਹਮੇਸ਼ਾ ਇਕਜੁੱਟਤਾ ਬਣਾਏ ਰੱਖਣਾ ਵੀ ਜ਼ਰੂਰੀ ਹੈ।  ਇਸ ਮੌਕੇ ਹਰਪਾਲ ਸਿੰਘ, ਓਮ ਪ੍ਰਕਾਸ਼ ਬੱਬਰ, ਪਵਨ ਸੋਲੰਕੀ, ਰਾਮ ਭੱਜ ਗੁਪਤਾ, ਅਸ਼ਵਨੀ ਸੇਠੀ, ਨਵੀਨ ਜਿੰਦਲ, ਸਵਰਨ ਢੱਲਾ, ਕਰਮੇਸ਼ ਅਰੋੜਾ, ਬੀਬੀ ਮਹਿੰਦਰ ਕੌਰ, ਵਿਵੇਕ ਅਰੋੜਾ ਆਦਿ ਹਾਜ਼ਰ ਸਨ।


Related News