ਹਲਵਾਈ ਸਬਸਿਡੀ ਵਾਲੇ ਸਿਲੰਡਰ ਦੀ ਵਰਤੋਂ ਕਰ ਕੇ ਉਡਾ ਰਹੇ ਨੇ ਨਿਯਮਾਂ ਦੀਆਂ ਧੱਜੀਆਂ

10/18/2017 5:45:52 PM


ਤਪਾ ਮੰਡੀ (ਸ਼ਾਮ ਗਰਗ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਦੇ ਵਿਕਰੇਤਾਵਾਂ ਵੱਲੋਂ ਚੋਖਾ ਮੁਨਾਫ਼ਾ ਕਮਾਉਣ ਦੀ ਮਨਸ਼ਾ ਨਾਲ ਸ਼ਰੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਤਪਾ ਮੰਡੀ ਦੇ ਕਈ ਹਲਵਾਈਆਂ ਵੱਲੋਂ ਖੁੱਲ੍ਹੇ ਵਿਚ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਉਪਰ ਮੱਛਰ-ਮੱਖੀਆਂ ਬੈਠਦੀਆਂ ਹਨ। ਦੂਜਾ ਲੋਕਾਂ ਨੂੰ ਸਬਸਿਡੀ 'ਤੇ ਦਿੱਤਾ ਜਾਣ ਵਾਲਾ ਸਿਲੰਡਰ ਇਹ ਲੋਕ ਆਮ ਵਰਤ ਰਹੇ ਹਨ, ਸੜਕਾਂ 'ਤੇ ਸਟਾਲਾਂ ਲਾ ਕੇ ਇਨ੍ਹਾਂ ਹਲਵਾਈਆਂ ਵੱਲੋਂ ਸਿਲੰਡਰ ਰੱਖੇ ਹੋਏ ਹਨ, ਜਿਸ ਕਰ ਕੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। 
ਖੁੱਲ੍ਹੇਆਮ ਸੜਕਾਂ 'ਤੇ ਪਏ ਸਿਲੰਡਰਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਸ਼ਹਿਰ ਅੰਦਰ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਫੂਡ ਸਪਲਾਈ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਤੋਂ ਇਲਾਵਾ ਸੜਕਾਂ 'ਤੇ ਲਾਈਆਂ ਸਟਾਲਾਂ ਜਿੱਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀਆਂ ਹੋਈਆਂ ਹਨ, ਉਥੇ ਹੀ ਇਨ੍ਹਾਂ ਸਟਾਲਾਂ 'ਤੇ ਪਈਆਂ ਮਠਿਆਈਆਂ 'ਤੇ ਵ੍ਹੀਕਲਾਂ ਕਾਰਨ ਉਡਦੀ ਧੂੜ ਵੀ ਪੈ ਰਹੀ ਹੈ, ਜਿਸ ਦਾ ਇਨ੍ਹਾਂ ਦੁਕਾਨਦਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। 
 ਐੱਸ. ਡੀ. ਐੱਮ. ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਜੇਕਰ ਕੋਈ ਸਬਸਿਡੀ ਵਾਲੇ ਸਿਲੰਡਰ ਦੀ ਗਲਤ ਵਰਤੋਂ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News