ਇਸ ਨੰਬਰ ਤੋਂ ਕਾਲ ਪਿਕ ਕਰਨੀ ਪੈ ਸਕਦੀ ਹੈ ਭਾਰੀ, ਹੋ ਸਕਦਾ ਹੈ ਵੱਡਾ ਨੁਕਸਾਨ

07/17/2017 7:11:19 PM

ਹੁਸ਼ਿਆਰਪੁਰ(ਘੁੰਮਣ)— ਜੇਕਰ ਤੁਹਾਡੇ ਕੋਲੋਂ ਮੋਬਾਈਲ ਫੋਨ 'ਤੇ ਕੋਈ ਅਣਪਛਾਤਾ ਵਿਅਕਤੀ ਆਪਣੇ ਆਪ ਨੂੰ ਮੈਨੇਜਰ ਜਾਂ ਕਿਸੇ ਇੰਸ਼ੋਰੈਂਸ ਕੰਪਨੀ ਦਾ ਅਧਿਕਾਰੀ ਦੱਸ ਕੇ ਤੁਹਾਡਾ ਏ. ਟੀ. ਐੱਮ. ਨੰਬਰ ਜਾਂ ਕੋਈ ਹੋਰ ਜਾਣਕਾਰੀ ਹਾਸਲ ਕਰਨ ਦਾ ਯਤਨ ਕਰਦਾ ਹੈ ਤਾਂ ਸਮਝ ਲਵੋ ਕਿ ਦਾਲ 'ਚ ਕੁਝ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ। ਇਸ ਲਈ ਜੇਕਰ ਤੁਹਾਨੂੰ ਵੀ ਅਣਪਛਾਤੇ ਵਿਅਕਤੀ ਦੀ ਕਾਲ ਆਉਂਦੀ ਹੈ ਤਾਂ ਥੋੜ੍ਹਾ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਖੁਦ ਨੂੰ ਇੰਸ਼ੋਰੈਂਸ ਕੰਪਨੀ ਦਾ ਅਧਿਕਾਰੀ ਦੱਸਣ ਵਾਲਾ ਸ਼ਖਸ ਇਕ ਲੁਟੇਰਾ ਵੀ ਹੋ ਸਕਦਾ ਹੈ। ਅਜਿਹਾ ਹੀ ਕੁਝ ਹੁਸ਼ਿਆਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਲੁਟੇਰੇ ਨੇ ਫੋਨ ਕਾਲ ਰਾਹੀ ਹੀ ਵਿਅਕਤੀ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਦਿੱਤਾ।    
ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪ੍ਰਮੁੱਖ ਉਦਯੋਗਿਕ ਇਕਾਈ ਕੱਕੜ ਕੰਪਲੈਕਸ ਸਟੀਲਜ਼ ਦੇ ਇਕ ਫੈਕਟਰੀ ਵਰਕਰ ਸਲਿੰਦਰ ਸਿੰਘ ਪੁੱਤਰ ਬਲਵੰਤ ਰਾਏ, ਜੋ ਕਿ ਮੁਹੱਲਾ ਨੀਲਕੰਠ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਦੇ ਮੋਬਾਈਲ ਫੋਨ 'ਤੇ 15 ਜੁਲਾਈ ਨੂੰ ਸਵੇਰੇ 10.15 ਵਜੇ ਦੇ ਕਰੀਬ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਕਿ ਮੈਂ ਤੁਹਾਡੇ ਬੈਂਕ ਦਾ ਮੈਨੇਜਰ ਬੋਲ ਰਿਹਾ ਹਾਂ, ਤੁਹਾਡੇ ਏ. ਟੀ. ਐੱਮ. ਕਾਰਡ ਦਾ ਨੰਬਰ ਦੱਸੋ, ਵੈਰੀਫਿਕੇਸ਼ਨ ਕਰਨੀ ਹੈ। ਸਲਿੰਦਰ ਨੇ ਬੜੀ ਸਰਲਤਾ ਨਾਲ ਜਵਾਬ ਦਿੱਤਾ ਕਿ ਮੇਰਾ ਏ. ਟੀ. ਐੱਮ. ਘਰ ਪਿਆ ਹੈ। ਕੁਝ ਦੇਰ ਬਾਅਦ ਉਸ ਵਿਅਕਤੀ ਨੇ ਸਲਿੰਦਰ ਦੀ ਪਤਨੀ ਜੋਤੀ ਰਾਣੀ ਦੇ ਮੋਬਾਈਲ 'ਤੇ ਫੋਨ ਕਰਕੇ ਉਸ ਨੂੰ ਕਿਹਾ ਕਿ ਸਲਿੰਦਰ ਦਾ ਜੋ ਏ. ਟੀ. ਐੱਮ. ਕਾਰਡ ਘਰ 'ਚ ਪਿਆ ਹੈ, ਉਸ ਦਾ ਨੰਬਰ ਦੱਸੋ, ਵੈਰੀਫਿਕੇਸ਼ਨ ਕਰਨੀ ਹੈ, ਨਹੀਂ ਤਾਂ ਏ. ਟੀ. ਐੱਮ. ਕਾਰਡ ਬੰਦ ਹੋ ਜਾਵੇਗਾ। ਜੋਤੀ ਨੇ ਉਸ ਨੂੰ ਏ. ਟੀ. ਐੱਮ. ਕਾਰਡ ਨੰਬਰ ਦੇ ਨਾਲ-ਨਾਲ ਪਾਸਵਰਡ ਵੀ ਦੱਸ ਦਿੱਤਾ। ਇਸ ਦੇ ਨਾਲ ਹੀ ਜੋਤੀ ਨੇ ਸਾਰੇ ਘਟਨਾਕ੍ਰਮ ਬਾਰੇ ਆਪਣੇ ਪਤੀ ਨੂੰ ਵੀ ਜਾਣੂੰ ਕਰਵਾ ਦਿੱਤਾ। ਜੋਤੀ ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਪਤੀ ਦੇ ਕਾਰਡ ਨਾਲ ਏ. ਟੀ. ਐੱਮ. 'ਚੋਂ 2 ਹਜ਼ਾਰ ਰੁਪਏ ਕਢਵਾ ਕੇ ਲਿਆਈ ਸੀ। 
ਐਤਵਾਰ ਨੂੰ ਸਲਿੰਦਰ ਜ਼ਰੂਰਤ ਪੈਣ 'ਤੇ ਜਦੋਂ ਫੈਕਟਰੀ ਦੇ ਗੁਆਂਢ 'ਚ ਓਰੀਐਂਟਲ ਬੈਂਕ ਆਫ ਕਾਮਰਸ ਦੀ ਆਈ. ਟੀ. ਐੱਲ. ਸ਼ਾਖਾ 'ਚ ਏ. ਟੀ. ਐੱਮ. ਕਾਰਡ ਨਾਲ ਪੈਸੇ ਕਢਵਾਉਣ ਗਿਆ ਤਾਂ 'ਨੋ ਬੈਲੇਂਸ' ਦਾ ਮੈਸੇਜ ਦੇਖ ਕੇ ਉਸ ਦੇ ਪੈਰਾਂ ਹੇਠੋਂ ²ਜ਼ਮੀਨ ਖਿਸਕ ਗਈ। ਅਗਲੇ ਹੀ ਕੁਝ ਪਲਾਂ 'ਚ ਸਲਿੰਦਰ ਨੂੰ ਇਹ ਸਮਝਣ 'ਚ ਦੇਰ ਨਾ ਲੱਗੀ ਕਿ ਫੋਨ 'ਤੇ ਬੈਂਕ ਮੈਨੇਜਰ ਬਣ ਕੇ ਏ. ਟੀ. ਐੱਮ. ਦੀ ਜਾਣਕਾਰੀ ਹਾਸਲ ਕਰਨ ਵਾਲਾ ਵਿਅਕਤੀ ਕੋਈ ਨੌਸਰਬਾਜ਼ ਹੀ ਸੀ। ਇਹ ਨੌਸਰਬਾਜ਼ ਸਲਿੰਦਰ ਦੇ ਬੈਂਕ ਖਾਤੇ 'ਚ ਪਏ 3900 ਰੁਪਏ ਕੱਢਵਾ ਕੇ ਉਸ ਨੂੰ ਚੂਨਾ ਲਾ ਚੁੱਕਾ ਸੀ। ਸਲਿੰਦਰ ਨੇ ਆਪਣੀ ਸਾਰੀ ਵਿਥਿਆ ਆਪਣੀ ਫੈਕਟਰੀ ਦੇ ਵਾਈਸ ਪ੍ਰੈਜ਼ੀਡੈਂਟ ਦਰਸ਼ਨ ਕੁਮਾਰ ਨੂੰ ਦੱਸੀ।
ਗੱਲਬਾਤ ਦੌਰਾਨ ਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਰਹੇ ਹਨ। ਇਸੇ ਦੌਰਾਨ ਸਲਿੰਦਰ ਵੱਲੋਂ ਆਏ ਮੋਬਾਈਲ ਨੰ 73608-67518 ਦੇ ਜਦੋਂ ਟਰੂ ਕਾਲਰ 'ਤੇ ਡਾਇਲ ਕੀਤਾ ਗਿਆ ਤਾਂ ਉਸ ਵਿਅਕਤੀ ਦੀ ਪਛਾਣ 420 ਏ. ਟੀ. ਐੱਮ. ਬੈਲੇਂਸ ਲੁਟੇਰੇ ਦੇ ਰੂਪ 'ਚ ਹੋਈ।


Related News