ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਰਕਾਰ ਦਾ ਪੁਤਲਾ ਫੂਕਿਆ

06/26/2017 4:47:27 PM

ਬਟਾਲਾ/ਡੇਰਾ ਬਾਬਾ ਨਾਨਕ - ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ (ਮੇਲ) ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਜ਼ਿਲਾ ਆਗੂ ਪ੍ਰਧਾਨ ਵਿੱਕੀ ਕੁਮਾਰ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿੱਕੀ ਕੁਮਾਰ, ਤਿਲਕ ਰਾਜ, ਪ੍ਰਗਟ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਰਮਨ ਕੁਮਾਰ ਆਦਿ ਵੱਖ-ਵੱਖ ਬੁਲਾਰਿਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬੇਰੁਜ਼ਗਾਰ ਮਲਟੀਪਰਪਜ਼ ਵਰਕਰਾਂ ਵੱਲੋਂ 12-13 ਸਾਲ ਕੀਤੇ ਲਗਾਤਾਰ ਸੰਘਰਸ਼ ਮਗਰੋਂ ਸਿਹਤ ਵਿਭਾਗ 'ਚ ਮਹਿਜ 1263 ਅਸਾਮੀਆਂ ਦਾ ਇਸ਼ਤਿਹਾਰ ਪਿਛਲੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਅਤੇ ਦਸੰਬਰ 2016 'ਚ ਲਿਖਤੀ ਪ੍ਰੀਖਿਆ ਲੈਣ ਮਗਰੋਂ ਸਬੰਧਿਤ ਯੂਨੀਵਰਸਿਟੀ ਵੱਲੋਂ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ-ਪੜਤਾਲ ਵੀ ਪੂਰੀ ਕਰ ਲਈ ਗਈ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਜਿਹੜੀ ਕਿ 'ਹਰ ਘਰ ਨੌਕਰੀ' ਦਾ ਵਾਅਦਾ ਕਰ ਕੇ ਸੱਤਾ ਉਪਰ ਕਾਬਜ਼ ਹੋਈ ਹੈ, ਨੇ ਅਜੇ ਤੱਕ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਉਮੀਦਵਾਰਾਂ ਨੂੰ ਜੁਆਇਨ ਨਹੀਂ ਕਰਵਾਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ 919 ਪਹਿਲੀ ਸੂਚੀ ਵਾਲੇ ਬੇਰੁਜ਼ਗਾਰਾਂ ਨੂੰ ਜੁਆਇਨ ਕਰਵਾਇਆ ਜਾਵੇ, ਇਤਰਾਜ਼ਾਂ ਵਾਲੀ 105 ਉਮੀਦਵਾਰਾਂ ਦੀ ਸੂਚੀ ਤੁਰੰਤ ਜਾਰੀ ਕੀਤੀ ਜਾਵੇ, ਰਹਿੰਦੀ 238 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ 1723 ਚੋਂ ਬਾਕੀ 460 ਉਮੀਦਵਾਰਾਂ ਨੂੰ ਅਸਾਮੀਆਂ 'ਚ ਵਾਧਾ ਕਰ ਕੇ ਨਿਯੁਕਤ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੁੱਲ 1263 ਅਸਾਮੀਆਂ ਲਈ 4900 ਵਰਕਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਚੋਂ 1723 ਉਮੀਦਵਾਰਾਂ ਦੀ ਕੌਂਸਲਿੰਗ ਸਬੰਧਿਤ ਯੂਨੀਵਰਸਿਟੀ ਵੱਲੋਂ ਕੀਤੀ ਗਈ ਸੀ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੀਤੀ 30 ਅਪ੍ਰੈਲ 2017 ਨੂੰ ਭਰੋਸਾ ਦਿੱਤਾ ਸੀ ਕਿ ਕੌਂਸਲਿੰਗ ਕਰਵਾ ਚੁੱਕੇ ਸਾਰੇ ਉਮੀਦਵਾਰਾਂ ਨੂੰ ਡੇਢ ਮਹੀਨੇ ਦੇ ਅੰਦਰ-ਅੰਦਰ ਅਸਾਮੀਆਂ ਵਿਚ ਵਾਧਾ ਕਰ ਕੇ ਨਿਯੁਕਤ ਕੀਤਾ ਜਾਵੇਗਾ ਜਦਕਿ ਦਿੱਤੀ ਸਮਾਂ-ਸੀਮਾ ਪੂਰੀ ਹੋ ਚੁੱਕੀ ਹੈ। ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਵਿਭਾਗ 'ਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਚਾਲੂ ਭਰਤੀ ਪ੍ਰਕਿਰਿਆ 'ਚ ਵਾਧਾ ਕਰ ਕੇ ਭਰਿਆ ਜਾਵੇ। ਇਸ ਮੌਕੇ ਵਿੱਕੀ ਕੁਮਾਰ ਨੇ ਕਿਹਾ ਕਿ ਜੇਕਰ 15 ਜੁਲਾਈ ਤੱਕ ਉਪਰੋਕਤ ਮੰਗਾਂ ਨਾ ਮੰਨੀਆਂ ਤਾਂ 16 ਜੁਲਾਈ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਪਟਿਆਲਾ ਵਿਖੇ ਘਿਰਾਓ ਕੀਤਾ ਜਾਵੇਗਾ।
 


Related News