ਮਾਣਯੋਗ ਹਾਈਕੋਰਟ ਦੇ ਫੈਸਲੇ ਤਹਿਤ ਪੁਲਸ ਪ੍ਰਸ਼ਾਸਨ ਹੋਇਆ ਪਟਾਕਿਆਂ ਪ੍ਰਤੀ ਸਖ਼ਤ

10/19/2017 1:56:40 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ, ਜਗਸੀਰ)-  ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਪਟਾਕਿਆਂ ਸਬੰਧੀ ਫੈਸਲਾ ਆਉਣ 'ਤੇ ਜ਼ਿਲੇ 'ਚ ਪਟਾਕਾ ਵਪਾਰੀਆਂ 'ਚ ਹੜਕੰਪ ਮਚਿਆ ਹੋਇਆ ਹੈ। ਇਸ ਵਾਰ ਸਿਰਫ 4 ਪਟਾਕਾ ਵਪਾਰੀਆਂ ਨੂੰ ਹੀ ਪਟਾਕੇ ਵੇਚਣ ਦੀ ਮਨਜ਼ੂਰੀ ਮਿਲੀ ਹੈ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਕਮਲਾ ਨਹਿਰੂ ਕੰਪਲੈਕਸ ਅੱਗੇ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਦੁਕਾਨਦਾਰਾਂ ਵੱਲੋਂ ਅਣਅਧਿਕਾਰਤ ਤੌਰ 'ਤੇ ਹੀ ਕੱਲ ਸ਼ਹਿਰ ਦੇ ਅੰਦਰ ਹੀ ਵੱਡੇ ਸਟਾਲ ਲਾ ਕੇ ਪਟਾਕੇ ਵੇਚਣੇ ਸ਼ੁਰੂ ਕਰ ਦਿੱਤੇ ਗਏ, ਜਿਸ ਤਹਿਤ ਅੱਜ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਹਰਪ੍ਰੀਤ ਸਿੰਘ ਅਟਵਾਲ ਅਤੇ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੁਕਾਨਦਾਰਾਂ ਵੱਲੋਂ ਲਾਏ ਸਟਾਲ ਚੁੱਕਵਾ ਦਿੱਤੇ। 
ਉਨ੍ਹਾਂ ਕਿਹਾ ਕਿ ਇਸ ਵਾਰ ਲਾਇਸੈਂਸ ਤੋਂ ਬਗੈਰ ਕਿਸੇ ਵੀ ਪਟਾਕਾ ਵਪਾਰੀ ਨੂੰ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਲਾਇਸੈਂਸ ਵਾਲਿਆਂ ਨੂੰ ਵੀ ਨਿਸ਼ਚਿਤ ਜਗ੍ਹਾ ਸਿਰਫ ਕਮਲਾ ਨਹਿਰੂ ਕੰਪਲੈਕਸ ਅੱਗੇ ਹੀ ਪਟਾਕੇ ਵੇਚਣ ਦਿੱਤੇ ਜਾਣਗੇ। 

ਇਸ ਵਾਰ ਨਹੀਂ ਵਿਕਣਗੇ ਕਰੋੜਾਂ ਰੁਪਏ ਦੇ ਪਟਾਕੇ 
ਸੂਤਰਾਂ ਅਨੁਸਾਰ ਹਲਕਾ ਨਿਹਾਲ ਸਿੰਘ ਵਾਲਾ 'ਚ ਹਰ ਸਾਲ ਪਟਾਕਾ ਵਪਾਰੀਆਂ ਵੱਲੋਂ ਢਾਈ ਕਰੋੜ ਦੇ ਕਰੀਬ ਪਟਾਕਿਆਂ ਦੀ ਵਿਕਰੀ ਕੀਤੀ ਜਾਂਦੀ ਸੀ। ਬੇਸ਼ੱਕ ਦਿਵਾਲੀ ਮੌਕੇ ਪਟਾਕੇ ਵੇਚਣ ਲਈ ਪ੍ਰਸ਼ਾਸਨ ਤੋਂ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ ਪਰ ਪਿਛਲੇ ਸਾਲਾਂ ਦੌਰਾਨ 70 ਫੀਸਦੀ ਤੋਂ ਵੱਧ ਪਟਾਕਾ ਵਿਕ੍ਰੇਤਾ ਬਗੈਰ ਲਾਇਸੈਂਸ ਦੇ ਹੀ ਪਟਾਕੇ ਵੇਚ ਕੇ ਜਿੱਥੇ ਲੱਖਾਂ ਰੁਪਏ ਦਾ ਟੈਕਸ ਚੋਰੀ ਕਰਦੇ ਸਨ, ਉੱਥੇ ਹੀ ਸਰਕਾਰੀ ਹੁਕਮਾਂ ਦੀ ਵੀ ਅਣਦੇਖੀ ਕਰਦਿਆਂ ਪਟਾਕਿਆਂ ਦੀ ਲੋਕਾਂ ਦੀ ਰਿਹਾਇਸ਼ ਦੇ ਨਾਲ ਹੀ ਵਿਕਰੀ ਕਰਦੇ ਸਨ। 
ਇੱਥੋਂ ਤੱਕ ਕਿ ਬਗੈਰ ਲਾਇਸੈਂਸ ਤੋਂ ਦੁਕਾਨਦਾਰ ਰਿਹਾਇਸ਼ੀ ਖੇਤਰਾਂ 'ਚ ਵੀ ਪਟਾਕੇ ਸਟੋਰ ਨਹੀਂ ਕਰ ਸਕਦੇ, ਜਿਸ ਨਾਲ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸੂਤਰਾਂ ਅਨੁਸਾਰ ਇਸ ਵਾਰ ਵੀ ਨਿਹਾਲ ਸਿੰਘ ਵਾਲਾ 'ਤ ਢਾਈ ਕਰੋੜ ਤੋਂ ਵੱਧ ਦੇ ਪਟਾਕੇ ਪਟਾਕਾ ਵਿਕ੍ਰੇਤਾਵਾਂ ਵੱਲੋਂ ਸਟੋਰ ਕੀਤੇ ਗਏ ਹਨ ਪਰ ਮਾਣਯੋਗ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਦੁਕਾਨਦਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। 


Related News