ਬੇਕਾਬੂ ਕੰਟੇਨਰ ਨੇ ਮੋਟਰਸਾਈਕਲ ਸਵਾਰ ਨੂੰ ਕਚਲਿਆ, ਮੌਤ

11/19/2017 3:05:07 AM

ਟਾਂਡਾ ਉੜਮੁੜ, (ਕੁਲਦੀਸ਼, ਪੰਡਿਤ, ਜਸਵਿੰਦਰ, ਮੋਮੀ, ਗੁਪਤਾ)- ਅੱਜ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਖੁੱਡਾ ਨੇੜੇ ਇਕ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਕੰਟੇਨਰ ਹੇਠਾਂ ਦਬ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਹ ਹਾਦਸਾ ਬਾਅਦ ਦੁਪਹਿਰ ਕਰੀਬ 3.30 ਵਜੇ ਉਸ ਸਮੇਂ ਵਾਪਰਿਆ ਜਦੋਂ ਖੁੱਡਾ ਨਜ਼ਦੀਕ ਜਲੰਧਰ ਵੱਲੋਂ ਪਠਾਨਕੋਟ ਵੱਲ ਜਾ ਰਿਹਾ ਇਕ ਕੰਟੇਨਰ ਬੇਕਾਬੂ ਹੋ ਕੇ ਟਰੈਕਟਰ 'ਚ ਟਕਰਾਉਣ ਤੋਂ ਬਾਅਦ ਡਿਵਾਈਡਰ ਨੂੰ ਪਾਰ ਕਰਦਾ ਹੋਇਆ ਪਠਾਨਕੋਟ ਵੱਲੋਂ ਟਾਂਡਾ ਵੱਲ ਆ ਰਹੇ ਇਕ ਮੋਟਰਸਾਈਕਲ ਸਵਾਰ 'ਤੇ ਜਾ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੀ ਧੌਣ ਹੀ ਧੜ ਤੋਂ ਵੱਖ ਹੋ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਕੰਟੇਨਰ ਦੀ ਲਪੇਟ 'ਚ ਆਇਆ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਟਰੈਕਟਰ ਦਾ ਡਰਾਈਵਰ ਸੁਰਜੀਤ ਸਿੰਘ ਵਾਲ-ਵਾਲ ਬਚਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਅਸ਼ਵਨੀ ਕੁਮਾਰ (47) ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰ. 9 ਵਾਲਮੀਕਿ ਮੁਹੱਲਾ ਟਾਂਡਾ ਵਜੋਂ ਹੋਈ ਹੈ। ਉਹ ਉੱਚੀ ਬੱਸੀ ਵਿਖੇ ਦਰਜਾ ਚਾਰ ਮੁਲਾਜ਼ਮ ਵਜੋਂ ਕੰਮ ਕਰਦਾ ਸੀ। ਕੰਟੇਨਰ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਟਾਂਡਾ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News