ਤੇਜ਼ ਰਫਤਾਰ ਟਿੱਪਰ ਦੇ ਪਿਛਲੇ ਟਾਇਰ ਹੇਠਾਂ ਆਏ ਚਾਚੇ ਦੀ ਮੌਤ, ਭਤੀਜਾ ਜ਼ਖਮੀ

12/13/2017 6:06:37 AM

ਜਲੰਧਰ, (ਮਹੇਸ਼)- ਮੰਗਲਵਾਰ ਨੂੰ ਦੁਪਹਿਰ ਕਰੀਬ 1 ਵਜੇ ਜਮਸ਼ੇਰ ਖੇੜਾ ਦੇ ਅੱਡੇ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਚਾਚਾ-ਭਤੀਜਾ ਇਕ ਤੇਜ਼ ਰਫਤਾਰ ਟਿੱਪਰ ਦੀ ਲਪੇਟ ਵਿਚ ਆ ਕੇ ਸੜਕ ਦੇ ਵਿਚਕਾਰ ਡਿਗ ਪਏ। ਮੋਟਰਸਾਈਕਲ ਦੇ ਪਿੱਛੇ ਬੈਠੇ ਚਾਚੇ ਹਰਮੇਸ਼ ਲਾਲ ਉਰਫ ਸੋਨੂੰ (32) ਪੁੱਤਰ ਮੋਹਿੰਦਰਪਾਲ ਵਾਸੀ ਸੋਫੀ ਪਿੰਡ ਥਾਣਾ ਸਦਰ ਜਲੰਧਰ ਦੀ ਟਿੱਪਰ ਦੇ ਪਿਛਲੇ ਟਾਇਰ ਦੇ ਹੇਠਾਂ ਕੁਚਲੇ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਚਲਾਉਣ ਵਾਲੇ ਭਤੀਜੇ ਰਣਜੀਤ ਕੁਮਾਰ (23) ਪੁੱਤਰ ਸੁਰਿੰਦਰ ਕੁਮਾਰ ਵਾਸੀ ਸੋਫੀ ਪਿੰਡ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਉਕਤ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਮੀਤ ਸਿੰਘ ਨੇ ਮ੍ਰਿਤਕ ਹਰਮੇਸ਼ ਲਾਲ ਸੋਨੂੰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਥਾਣਾ ਸਦਰ ਹਾਦਸੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ 'ਤੇ ਪੈਂਦਾ ਹੈ। ਟਿੱਪਰ ਚਾਲਕ ਜੰਡਿਆਲਾ ਤੋਂ ਜਲੰਧਰ ਵਲ ਆ ਰਿਹਾ ਸੀ। 
ਜਗਰਾਲ ਤੋਂ ਗੈਸ ਸਿਲੰਡਰ ਲੈ ਕੇ ਆ ਰਹੇ ਸਨ ਦੋਵੇਂ
ਮ੍ਰਿਤਕ ਹਰਮੇਸ਼ ਕੁਮਾਰ ਸੋਨੂੰ ਆਪਣੇ ਭਤੀਜੇ ਰਣਜੀਤ ਨਾਲ ਮੋਟਰਸਾਈਕਲ 'ਤੇ ਜਮਸ਼ੇਰ ਦੇ ਨੇੜੇ ਹੀ ਪੈਂਦੇ ਪਿੰਡ ਜਗਰਾਲ ਤੋਂ ਇੰਡੀਅਨ ਆਇਲ ਦੇ ਗੈਸ ਗੋਦਾਮ ਤੋਂ ਸਿਲੰਡਰ ਲੈ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਮਿਹਨਤ-ਮਜ਼ਦੂਰੀ ਕਰਦਾ ਹਰਮੇਸ਼ ਲਾਲ ਮੂਲ ਤੌਰ 'ਤੇ ਥਾਣਾ ਬਿਲਗਾ ਦੇ ਪਿੰਡ ਢਿੰਗਾਰਾ ਨੇੜੇ ਨੂਰਮਹਿਲ ਦਾ ਵਾਸੀ ਹੈ। ਕਾਫੀ ਸਮੇਂ ਤੋਂ ਉਹ ਸੋਫੀ ਪਿੰਡ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ। ਉਹ ਗੈਸ ਸਿਲੰਡਰ ਫੜ ਕੇ ਰਣਜੀਤ ਦੇ ਮੋਟਰਸਾਈਕਲ ਪਿੱਛੇ ਬੈਠਾ ਹੋਇਆ ਸੀ। ਮੌਤ ਉਸਨੂੰ ਇਸ ਤਰ੍ਹਾਂ ਆਪਣੇ ਕੋਲ ਖਿੱਚ ਕੇ ਲੈ ਜਾਵੇਗੀ, ਉਸਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ। 
ਘਰ ਵਾਲੇ ਕਰ ਰਹੇ ਸਨ ਇੰਤਜ਼ਾਰ
ਗੈਸ ਸਿਲੰਡਰ ਭਰਾਉਣ ਲਈ ਘਰ ਤੋਂ ਨਿਕਲੇ ਮ੍ਰਿਤਕ ਹਰਮੇਸ਼ ਕੁਮਾਰ ਦਾ ਉਸਦੇ ਘਰਵਾਲੇ ਇੰਤਜ਼ਾਰ ਕਰ ਰਹੇ ਸਨ ਕਿ ਉਹ ਕਦੋਂ ਸਿਲੰਡਰ ਲੈ ਕੇ ਘਰ ਪਹੁੰਚਦਾ ਹੈ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਹਰਮੇਸ਼ ਕੁਮਾਰ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕਾ ਹੈ।  ਹਾਦਸੇ ਦੀ ਜਾਣਕਾਰੀ ਭਤੀਜੇ ਰਨਜੀਤ ਨੇ ਜਦੋਂ ਆਪਣੇ ਪਰਿਵਾਰ ਨੂੰ ਫੋਨ 'ਤੇ ਦਿੱਤੀ ਤਾਂ ਕਿਸੇ ਨੂੰ ਵੀ ਉਸਦੀ ਗੱਲ 'ਤੇ ਯਕੀਨ ਨਹੀਂ ਆ ਰਿਹਾ ਸੀ। 
ਮ੍ਰਿਤਕ ਸੋਨੂੰ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ
ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲਾ ਮ੍ਰਿਤਕ ਸੋਨੂੰ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਪਤੀ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਅੱਖਾਂ ਦੇ ਸਾਹਮਣੇ ਪਈ ਪਤੀ ਦੀ ਲਾਸ਼ ਉਸ ਕੋਲੋਂ ਦੇਖੀ ਨਹੀਂ ਜਾ ਰਹੀ ਸੀ। ਉਹ ਇਹ ਸੋਚ ਕੇ ਵੀ ਪ੍ਰੇਸ਼ਾਨ ਹੋ ਰਹੀ ਸੀ ਕਿ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਾਪਾ ਦੀ ਮੌਤ ਬਾਰੇ ਕਿਵੇਂ ਦੱਸੇ ਤੇ ਪਤੀ ਤੋਂ ਬਿਨਾਂ ਆਪਣਾ ਜੀਵਨ ਕਿਵੇਂ ਗੁਜ਼ਾਰੇਗੀ। ਘਰ ਵਿਚ ਹੀ ਨਹੀਂ ਪਿੰਡ ਵਿਚ ਸੋਨੂੰ ਦੀ ਮੌਤ ਨਾਲ ਮਾਤਮ ਦਾ ਮਾਹੌਲ ਪੈਦਾ ਹੋ ਗਿਆ। 
ਦੋਸ਼ੀ ਟਿੱਪਰ ਚਾਲਕ ਕਾਬੂ, ਕੇਸ ਦਰਜ
ਥਾਣਾ ਸਦਰ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਦੋਸ਼ੀ ਟਿੱਪਰ ਚਾਲਕ ਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੋਲ੍ਹਾ ਸਾਹਿਬ (ਤਰਨਤਾਰਨ) ਨੂੰ ਕਾਬੂ ਕਰ ਲਿਆ ਗਿਆ ਹੈ। ਉਸਦਾ ਟਿੱਪਰ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਦੋਸ਼ੀ ਸਵਿੰਦਰ ਸਿੰਘ ਖਿਲਾਫ ਥਾਣਾ ਸਦਰ ਵਿਖੇ ਆਈ. ਪੀ. ਸੀ. ਦੀ ਧਾਰਾ 279, 304-ਏ ਅਤੇ 427 ਤਹਿਤ ਮ੍ਰਿਤਕ ਹਰਮੇਸ਼ ਦੇ ਭਤੀਜੇ ਰਣਜੀਤ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਹਾਦਸੇ ਨੂੰ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਦਾ ਪੁਲਸ ਨੇ ਮੈਡੀਕਲ ਵੀ ਕਰਵਾਇਆ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸਨੇ ਡਰਾਈਵਿੰਗ ਸਮੇਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਾਂ ਨਹੀਂ ਕੀਤਾ ਸੀ।  ਪੁਲਸ ਕੱਲ ਸਵੇਰੇ ਉਸਨੂੰ ਅਦਾਲਤ ਵਿਚ ਪੇਸ਼ ਕਰੇਗੀ। ਇੰਸਪੈਕਟਰ ਸੁਖਦੇਵ ਸਿੰਘ  ਔਲਖ ਮੁਤਾਬਿਕ ਹਾਦਸੇ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Related News