ਵੱਖ-ਵੱਖ ਥਾਈਂ ਨਾਜਾਇਜ਼ ਸ਼ਰਾਬ ਬਰਾਮਦ

07/23/2017 12:11:22 AM

ਬਟਾਲਾ,   (ਬੇਰੀ, ਸੈਂਡੀ)-  ਸਥਾਨਕ ਟੀ-ਪੁਆਇੰਟ ਸ਼ਾਹਬਾਦ ਨੇੜੇ ਐਕਸਾਈਜ਼ ਵਿਭਾਗ ਵੱਲੋਂ ਨਾਕੇ ਦੌਰਾਨ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। 
ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਮੈਡਮ ਨਰਿੰਦਰ ਕੌਰ ਵਾਲੀਆ ਅਤੇ ਇੰਸਪੈਕਟਰ ਰਮਨ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਗੁਪਤਚਰ ਦੀ ਸੂਚਨਾ ਦੇ ਆਧਾਰ 'ਤੇ ਟੀ-ਪੁਆਇੰਟ ਸ਼ਾਹਬਾਦ ਨੇੜੇ ਨਾਕਾ ਲਾਇਆ ਹੋਇਆ ਸੀ, ਜਿਸ ਕਾਰਨ ਇਕ ਵਿਅਕਤੀ ਨੂੰ ਸ਼ੱਕੀ ਹਾਲਤ 'ਚ ਤਲਾਸ਼ੀ ਲਈ ਰੋਕਿਆ ਗਿਆ, ਤਲਾਸ਼ੀ ਲੈਣ ਉਪਰੰਤ ਉਸ ਕੋਲੋਂ ਸਿਲਵਰ ਪੈੱਗ ਵ੍ਹਿਸਕੀ ਦੀਆਂ 30 ਬੋਤਲਾਂ ਬਰਾਮਦ ਕੀਤੀਆਂ ਪਰ ਵਿਅਕਤੀ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਰੰਗੜ ਨੰਗਲ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਐੱਸ. ਆਈ. ਹਰਿੰਦਰ ਸਿੰਘ, ਏ. ਐੱਸ. ਆਈ. ਜਸਪਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।  
ਬਟਾਲਾ, (ਸੈਂਡੀ)-ਥਾਣਾ ਰੰਗੜ ਨੰਗਲ ਦੀ ਪੁਲਸ ਨੇ ਦੋ ਵਿਅਕਤੀਆਂ ਕੋਲੋਂ 44 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਿੰਦਰ ਸਿੰਘ ਤੇ ਹੌਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਹਨੀ ਮਹਿਤਾ ਪੁੱਤਰ ਕੇਵਲ ਕਿਸ਼ਨ ਵਾਸੀ ਓਲਿਆਂ ਮੁਹੱਲਾ ਬਟਾਲਾ ਕੋਲੋਂ ਨਾਕਾਬੰਦੀ ਦੌਰਾਨ 14 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਘੂਕੀ ਮਸੀਹ, ਰਾਜੂ ਮਸੀਹ ਵਾਸੀ ਸ਼ਾਹਬਾਦ ਕੋਲੋਂ 30 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਏ. ਐੱਸ. ਆਈ. ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਖਿਲਾਫ਼ ਥਾਣਾ ਰੰਗੜ ਨੰਗਲ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਬਟਾਲਾ, (ਬੇਰੀ)-ਅੱਜ ਦੇਰ ਸ਼ਾਮ ਐੱਸ. ਐੱਚ. ਓ. ਸਿਟੀ ਵੱਲੋਂ ਛਾਪੇਮਾਰੀ ਕਰਦਿਆਂ 14 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖਬਰ ਹੈ।
ਇਸ ਸਬੰਧੀ ਐੱਸ. ਐੱਚ. ਓ. ਸਿਟੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਗੁਪਤਚਰ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਔਲਾ ਮੁਹੱਲਾ ਵਿਖੇ ਪੁਲਸ ਪਾਰਟੀ ਸਮੇਤ ਇਕ ਘਰ 'ਚ ਛਾਪਾ ਮਾਰਿਆ ਤਾਂ ਹਨੀ ਮਹਿਤਾ ਪੁੱਤਰ ਕੇਵਲ ਕ੍ਰਿਸ਼ਨ ਮਹਿਤਾ ਦੇ ਘਰੋਂ 14 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ, ਜਿਥੇ ਇਸ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਧਾਰੀਵਾਲ, (ਖੋਸਲਾ, ਬਲਬੀਰ)-ਥਾਣਾ ਧਾਰੀਵਾਲ ਦੀ ਪੁਲਸ ਨੇ ਪਿੰਡ ਕਲਿਆਣਪੁਰ 'ਚ ਛਾਪੇਮਾਰੀ ਕਰ ਕੇ 13500 ਐੱਮ. ਐੱਲ. ਠੇਕਾ ਮਾਰਕਾ ਸ਼ਰਾਬ ਸਮੇਤ ਇਕ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਕ ਖਾਸ ਮੁਖਬਰ ਦੀ ਸੂਚਨਾ 'ਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਕਲਿਆਣਪੁਰ ਵਿਖੇ ਹਰਦੀਪ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਛਾਪੇਮਾਰੀ ਕਰ ਕੇ 13500 ਐੱਮ. ਐੱਲ. ਠੇਕਾ ਸ਼ਰਾਬ ਬਰਾਮਦ ਕਰ ਕੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਵੀ ਪਿੰਡ ਮੁਸਤਰਾਪੁਰ ਵਿਖੇ ਦੌਰਾਨੇ ਗਸ਼ਤ ਸੁਖਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਮੁਸਤਰਾਪੁਰ ਕੋਲੋਂ 7500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।


Related News