ਓਲਾ ਕੈਬ ਹਾਇਰ ਕਰਕੇ ਗੰਨ ਪੁਆਇੰਟ ''ਤੇ ਲੁੱਟ ਕੇ ਲੈ ਗਏ ਦੋ ਨੌਜਵਾਨ

12/13/2017 7:34:25 AM

ਚੰਡੀਗੜ੍ਹ, (ਸੁਸ਼ੀਲ)- ਸੈਕਟਰ-43 ਬੱਸ ਅੱਡੇ ਤੋਂ ਓਲਾ ਕੰਪਨੀ ਦੀ ਟੈਕਸੀ (ਕੈਬ) ਹਾਇਰ ਕਰਕੇ ਦੋ ਨੌਜਵਾਨ ਪਿਸਤੌਲ ਦੀ ਨੋਕ 'ਤੇ ਕੈਂਬਵਾਲਾ ਨੇੜੇ ਡਰਾਈਵਰ ਤੋਂ ਟੈਕਸੀ ਤੇ ਨਕਦੀ ਖੋਹ ਕੇ ਫਰਾਰ ਹੋ ਗਏ। ਟੈਕਸੀ ਚਾਲਕ ਲਾਲੜੂ ਵਾਸੀ ਪੂਰਨ ਸਿੰਘ ਨੇ ਲੁੱਟ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਸੈਕਟਰ-3 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੁੱਟੀ ਹੋਈ ਟੈਕਸੀ ਦਾ ਨੰਬਰ ਪੀ. ਬੀ. 01ਏ-9206 ਫਲੈਸ਼ ਕੀਤਾ ਪਰ ਕੋਈ ਸੁਰਾਗ ਨਹੀਂ ਮਿਲਿਆ। ਪੂਰਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਨੌਜਵਾਨ ਉਸ ਕੋਲੋਂ ਮੋਬਾਇਲ ਫੋਨ, 1500 ਰੁਪਏ ਤੇ ਕੰਨ ਦੀ ਵਾਲੀ ਵੀ ਖੋਹ ਕੇ ਲੈ ਗਏ। ਪੁਲਸ ਨੇ ਪੂਰਨ ਸਿੰਘ ਦੀ ਸ਼ਿਕਾਇਤ 'ਤੇ ਦੋਵੇਂ ਨੌਜਵਾਨਾਂ ਖਿਲਾਫ ਲੁੱਟ ਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਪੂਰਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਐਤਵਾਰ ਰਾਤ ਨੂੰ ਦੋ ਨੌਜਵਾਨਾਂ ਨੇ ਸੈਕਟਰ-43 ਬੱਸ ਅੱਡੇ ਤੋਂ ਓਲਾ ਕੈਬ ਕੈਂਬਵਾਲਾ ਜਾਣ ਲਈ ਹਾਇਰ ਕੀਤੀ ਸੀ। ਉਹ ਮਟਕਾ ਚੌਕ ਤੋਂ ਕੈਂਬਵਾਲਾ ਵੱਲ ਜਾ ਰਿਹਾ ਸੀ, ਕੈਂਬਵਾਲਾ ਨੇੜੇ ਜੰਗਲ ਆਉਣ 'ਤੇ ਇਕ ਨੌਜਵਾਨ ਨੇ ਬਾਥਰੂਮ ਜਾਣ ਲਈ ਗੱਡੀ ਰੋਕਣ ਲਈ ਕਿਹਾ ਤਾਂ ਉਸਨੇ ਗੱਡੀ ਰੋਕ ਦਿੱਤੀ। ਇੰਨੇ 'ਚ ਪਿੱਛੇ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਕੇ ਗੱਡੀ ਤੋਂ ਹੇਠਾਂ ਉਤਰ ਕੇ ਉਸਨੂੰ ਪਿੱਛੇ ਬੈਠਣ ਲਈ ਕਿਹਾ ਤਾਂ ਉਹ ਪਿੱਛੇ ਬੈਠ ਗਿਆ। ਬਾਹਰ ਖੜ੍ਹੇ ਨੌਜਵਾਨ ਨੇ ਗੱਡੀ ਚਲਾਈ ਅਤੇ ਲਗਭਗ 7 ਕਿਲੋਮੀਟਰ ਦੂਰ ਜਾ ਕੇ ਉਸਨੂੰ ਉਤਾਰ ਦਿੱਤਾ ਤੇ ਉਹ ਪੈਦਲ ਹੀ ਵਾਪਸ ਕੈਂਬਵਾਲਾ ਸਥਿਤ ਸ਼ਰਾਬ ਦੇ ਠੇਕੇ 'ਤੇ ਆਇਆ ਤੇ ਰਾਹਗੀਰ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ। 
ਪੂਰਨ ਸਿੰਘ ਨੇ ਦੱਸਿਆ ਕਿ ਗੱਡੀ ਤੇ ਨਕਦੀ ਲੁੱਟਣ ਵਾਲੇ ਦੋਵੇਂ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਸੈਕਟਰ-3 ਥਾਣਾ ਪੁਲਸ ਹੁਣ ਪੂਰਨ ਸਿੰਘ ਦੀ ਨਿਸ਼ਾਨਦੇਹੀ 'ਤੇ ਗੱਡੀ ਲੁੱਟਣ ਵਾਲੇ ਲੁਟੇਰਿਆਂ ਦਾ ਸਕੈੱਚ ਬਣਾਉਣ 'ਚ ਲੱਗੀ ਹੋਈ ਹੈ। ਲੁੱਟੀ ਗਈ ਗੱਡੀ ਦਾ ਨੰਬਰ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ 'ਚ ਫਲੈਸ਼ ਕਰਵਾ ਦਿੱਤਾ ਗਿਆ ਹੈ।


Related News