ਘਰਾਂ ਦੇ ਬਾਹਰੋਂ ਵਾਹਨ ਚੋਰੀ ਕਰਨ ਵਾਲੇ 2 ਗ੍ਰਿਫਤਾਰ

12/13/2017 7:22:24 AM

ਚੰਡੀਗੜ੍ਹ, (ਸੁਸ਼ੀਲ)- ਘਰਾਂ ਦੇ ਤਾਲੇ ਤੋੜ ਕੇ ਸਾਮਾਨ ਤੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਚੋਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਮਨੀਮਾਜਰਾ ਦੀ ਇੰਦਰਾ ਕਾਲੋਨੀ ਵਾਸੀ ਸੰਜੀਵ ਉਰਫ ਸੰਜੂ ਤੇ ਜ਼ੀਰਕਪੁਰ ਨਜ਼ਦੀਕ ਢਕੋਲੀ ਦੀ ਪੀਰ ਬਾਬਾ ਸੁਸ਼ਮਾ ਸੁਸਾਇਟੀ ਵਾਸੀ ਰਣਜੀਤ ਕੁਮਾਰ ਦੇ ਰੂਪ 'ਚ ਹੋਈ। ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 8 ਦੋਪਹੀਆ ਵਾਹਨ ਤੇ ਤਿੰਨ ਘਰਾਂ 'ਚੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਡੀ. ਐੱਸ. ਪੀ. ਕ੍ਰਾਈਮ ਨੇ ਦੱਸਿਆ ਕਿ 6 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਘਰਾਂ ਦੇ ਬਾਹਰੋਂ ਦੋਪਹੀਆ ਵਾਹਨ ਚੋਰੀ ਕਰਨ ਵਾਲਾ ਨੌਜਵਾਨ ਕਿਸ਼ਨਗੜ੍ਹ 'ਚ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। ਸੂਚਨਾ ਮਿਲਦਿਆਂ ਹੀ ਟੀਮ ਨੇ ਕਿਸ਼ਨਗੜ੍ਹ ਨੇੜੇ ਪਾਵਰ ਹਾਊਸ ਕੋਲ ਨਾਕਾ ਲਾ ਕੇ ਉਸਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮ ਇੰਦਰਾ ਕਾਲੋਨੀ ਵਾਸੀ ਸੰਜੀਵ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦੇ ਪੰਜ ਦੋਪਹੀਆ ਵਾਹਨ ਬਰਾਮਦ ਕੀਤੇ।
ਇਨ੍ਹਾਂ 'ਚ ਦੋ ਕੇਸ ਸੈਕਟਰ-17, ਸੈਕਟਰ-11, ਆਈ. ਟੀ. ਪਾਰਕ ਤੇ ਮਨੀਮਾਜਰਾ ਪੁਲਸ ਸਟੇਸ਼ਨ 'ਚ ਇਕ-ਇਕ ਕੇਸ ਦਰਜ ਸੀ। ਪੁਲਸ ਨੇ ਦੱਸਿਆ ਕਿ ਸੰਜੀਵ ਨੂੰ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਇਸਦੇ ਬਾਅਦ ਪੁਲਸ ਨੇ 9 ਦਸੰਬਰ ਨੂੰ ਘਰਾਂ ਤੋਂ ਸਾਮਾਨ ਚੋਰੀ ਕਰਨ ਤੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਜ਼ੀਰਕਪੁਰ ਵਾਸੀ ਰਣਜੀਤ ਕੁਮਾਰ ਨੂੰ ਡੱਡੂਮਾਜਰਾ ਮੋਟਰ ਮਾਰਕੀਟ ਨੇੜੇ ਨਾਕਾ ਲਾ ਕੇ ਦਬੋਚ ਲਿਆ। ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਚੋਰੀ ਦੇ 3 ਦੋਪਹੀਆ ਵਾਹਨ ਬਰਾਮਦ ਕੀਤੇ।
ਇਸ ਤੋਂ ਇਲਾਵਾ ਤਿੰਨ ਘਰਾਂ ਦੇ ਚੋਰੀ ਦੇ ਕੇਸ ਸੁਲਝਾਏ ਹਨ, ਇਨ੍ਹਾਂ 'ਚ ਚਾਰ ਕੇਸ ਸੈਕਟਰ-39 ਥਾਣੇ ਦੇ ਤੇ ਦੋ ਸੈਕਟਰ-26 ਥਾਣੇ ਦੇ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਰਣਜੀਤ ਸਿੰਘ ਨਸ਼ੇ ਦਾ ਆਦੀ ਹੈ ਤੇ ਇਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।


Related News