ਕਰਜ਼ਦਾਰ ਵਿਧਵਾ ਦੀ ਪਟੀਸ਼ਨ ਅਦਾਲਤ ਨੇ ਕੀਤੀ ਖਾਰਿਜ, ਅਦਾਲਤ ਦੇ ਬਾਹਰ ਨਿਗਲਿਆ ਜ਼ਹਿਰ

Friday, April 21, 2017 8:03 AM
ਕਰਜ਼ਦਾਰ ਵਿਧਵਾ ਦੀ ਪਟੀਸ਼ਨ ਅਦਾਲਤ ਨੇ ਕੀਤੀ ਖਾਰਿਜ, ਅਦਾਲਤ ਦੇ ਬਾਹਰ ਨਿਗਲਿਆ ਜ਼ਹਿਰ

ਚੰਡੀਗੜ੍ਹ - ਸੈਕਟਰ-17 ਸਥਿਤ ਡੈਟ ਰਿਕਵਰੀ ਟ੍ਰਿਬਿਊਨਲ ਦੀ ਅਦਾਲਤ ਨੇ ਕਰਨਾਲ ਦੀ ਔਰਤ ਖਿਲਾਫ਼ ਫੈਸਲਾ ਸੁਣਾਇਆ, ਜਿਸ ਤੋਂ ਬਾਅਦ ਤਣਾਅ ਕਾਰਨ ਉਸ ਨੇ ਫੈਸਲੇ ਦੇ ਵਿਰੋਧ ਵਿਚ ਅਦਾਲਤ ਦੇ ਬਾਹਰ ਹੀ ਜ਼ਹਿਰ ਨਿਗਲ ਕੇ ਆਤਮ-ਹੱਤਿਆ ਕਰਨ ਦਾ ਯਤਨ ਕੀਤਾ। ਪੁਲਸ ਨੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਵੀਰਵਾਰ ਦੁਪਹਿਰ ਡੇਢ ਵਜੇ ਦੀ ਹੈ, ਜਦੋਂ ਕਰਨਾਲ ਦੀ ਰਹਿਣ ਵਾਲੀ ਵਿਧਵਾ ਸਰੋਜ ਡੀ. ਆਰ. ਟੀ. ਕੋਰਟ ਵਿਚ ਉਸ ਵੱਲੋਂ ਭਾਰਤੀ ਸਟੇਟ ਬੈਂਕ ਖਿਲਾਫ਼ ਦਾਇਰ ਠੱਗੀ ਦੇ ਮਾਮਲੇ ਦੀ ਸੁਣਵਾਈ ਲਈ ਆਈ ਹੋਈ ਸੀ। ਉਸ ਨੇ ਭਾਰਤੀ ਸਟੇਟ ਬੈਂਕ ਤੋਂ 13 ਲੱਖ 25 ਹਜ਼ਾਰ ਦਾ ਹੋਮ ਲੋਨ 2010 ਵਿਚ ਲਿਆ ਸੀ, ਜੋ ਕਿ ਵਾਪਸ ਨਾ ਕਰ ਸਕਣ ਕਾਰਨ ਬੈਂਕ ਉਸ ਦਾ ਮਕਾਨ ਨਿਲਾਮ ਕਰ ਕੇ 6 ਲੱਖ ਦੀ ਰਿਕਵਰੀ ਕਰ ਚੁੱਕਾ ਹੈ। ਔਰਤ ਦਾ ਕਹਿਣਾ ਹੈ ਕਿ ਬੈਂਕ ਕਰਮਚਾਰੀਆਂ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਬੈਂਕ ਤੋਂ 6 ਲੱਖ ਰੁਪਏ ਦਾ ਲੋਨ ਲਿਆ ਸੀ, ਜਦਕਿ ਬੈਂਕ 13. 25 ਲੱਖ ਦੱਸ ਰਿਹਾ ਹੈ।
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਰੋਜ ਨੇ ਬੈਂਕ ਖਿਲਾਫ਼ ਕਰਨਾਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਦਾਲਤ ਵਿਚ ਧਾਰਾ 156 ਤਹਿਤ ਪਟੀਸ਼ਨ ਦਾਇਰ ਕਰ ਕੇ ਬੈਂਕ ਖਿਲਾਫ਼ ਕਾਰਵਾਈ ਦੀ ਅਪੀਲ ਕੀਤੀ ਸੀ। ਬੈਂਕ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਰੋਹਿਤ ਸੱਪਰਾ ਨੇ ਦੱਸਿਆ ਕਿ ਕਰਨਾਲ ਅਦਾਲਤ ਵਿਚ ਵੀ ਔਰਤ ਦੀ ਪਟੀਸ਼ਨ ਖਾਰਿਜ ਹੋ ਚੁੱਕੀ ਸੀ, ਜਿਥੇ ਬੈਂਕ ਨੇ ਉਸ ਨੂੰ ਬੈਂਕ ਤੋਂ ਲਏ 13. 25 ਲੱਖ ਦੇ ਹੋਮ ਲੋਨ ਦੇ ਸਬੂਤ ਪੇਸ਼ ਕਰ ਦਿੱਤੇ ਸਨ। ਬੈਂਕ ਨੇ ਲੋਨ ਰਿਕਵਰੀ ਲਈ ਉਸ ਦਾ ਘਰ ਨਿਲਾਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਰੋਜ ਨੇ ਰਿਕਵਰੀ ਟ੍ਰਿਬਿਊਨਲ ਵਿਚ ਕੇਸ ਦਾਇਰ ਕੀਤਾ ਸੀ, ਜੋ ਕਿ 2010 ਤੋਂ ਹੀ ਪੈਂਡਿੰਗ ਚੱਲ ਰਿਹਾ ਸੀ। ਬੈਂਕ ਦੀ ਗੁਹਾਰ ''ਤੇ ਬੁੱਧਵਾਰ ਨੂੰ ਅਦਾਲਤ ਨੇ ਪਹਿਲ ਦੇ ਆਧਾਰ ''ਤੇ ਕੇਸ ਦੀ ਸੁਣਵਾਈ ਵੀਰਵਾਰ ਨੂੰ ਰੱਖੀ ਸੀ, ਜਿਥੇ ਉਹ ਦੋਸ਼ਾਂ ਸਬੰਧੀ ਕੋਈ ਸਬੂਤ ਪੇਸ਼ ਨਾ ਕਰ ਸਕੀ, ਜਦਕਿ ਬੈਂਕ ਨੇ ਉਸ ਨੂੰ ਦਿੱਤੇ ਲੋਨ ਦੇ ਸਬੂਤ ਪੇਸ਼ ਕਰ ਦਿੱਤੇ, ਜਿਸ ਤੋਂ ਬਾਅਦ ਅਦਾਲਤ ਨੇ ਸਰੋਜ ਵੱਲੋਂ ਦਾਖਲ ਪਟੀਸ਼ਨ ਖਾਰਿਜ ਕਰ ਦਿੱਤੀ ਤੇ ਬੈਂਕ ਨੂੰ ਰਾਹਤ ਦਿੱਤੀ।
ਹੁਣ ਵਿਆਜ ਸਮੇਤ ਬੈਂਕ ਨੂੰ ਸਾਢੇ 18 ਲੱਖ ਵਾਪਸ ਕਰਨੇ ਹੋਣਗੇ
ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਔਰਤ ਨੂੰ ਵਿਆਜ ਸਮੇਤ ਬੈਂਕ ਨੂੰ ਸਾਢੇ 18 ਲੱਖ ਰੁਪਏ ਵਾਪਸ ਕਰਨੇ ਹੋਣਗੇ। ਭਾਰਤੀ ਸਟੇਟ ਬੈਂਕ ਦੇ ਪੱਖ ਵਿਚ ਫੈਸਲਾ ਆਉਣ ਤੋਂ ਬਾਅਦ ਸਰੋਜ ਨੇ ਅਦਾਲਤ ਦੇ ਬਾਹਰ ਜ਼ਹਿਰ ਨਿਗਲ ਲਿਆ ਤੇ ਰੌਲਾ ਪਾਉਣ ਲੱਗੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਉਹ ਬਿਆਨ ਦੇਣ ਦੇ ਸਮਰੱਥ ਨਹੀਂ ਹੈ। ਡਾਕਟਰਾਂ ਦੀ ਇਜਾਜ਼ਤ ਤੋਂ ਬਾਅਦ ਹੀ ਔਰਤ ਦੇ ਬਿਆਨ ਦਰਜ ਕੀਤੇ ਜਾਣਗੇ, ਜਿਸ ਨਾਲ ਉਸ ਦਾ ਬੇਟਾ ਤੇ ਜੇਠ ਵੀ ਚੰਡੀਗੜ੍ਹ ਆਏ ਹੋਏ ਸਨ। ਉਕਤ ਦੋਵਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!