ਪੰਜਾਬ ਦੇ ਮਾੜੇ ਆਰਥਿਕ ਹਾਲਾਤ ਅਕਾਲੀ ਸਰਕਾਰ ਦੀ ਦੇਣ: ਤ੍ਰਿਪਤ ਰਜਿੰਦਰ ਸਿੰਘ ਬਾਜਵਾ

10/18/2017 5:15:04 PM

ਬੰਗਾ/ਨਵਾਂਸ਼ਹਿਰ— (ਤ੍ਰਿਪਾਠੀ/ਮਹਿਤਾ/ਪੂਜਾ/ਮੂੰਗਾ)— ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਇਥੇ ਆਖਿਆ ਕਿ ਪੰਜਾਬ ਦੀ ਮਾੜੀ ਆਰਥਿਕ ਦਸ਼ਾ ਅਕਾਲੀ ਸਰਕਾਰ ਦੀ ਦੇਣ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੀਹੋਂ ਲੱਥੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆ ਰਹੀ ਹੈ। ਬੁੱਧਵਾਰ ਨਵਾਂਸ਼ਹਿਰ ਅਤੇ ਬੰਗਾ ਵਿਖੇ ਆਪਣੇ ਦੌਰੇ ਦੌਰਾਨ, ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਲ੍ਹ ਹੀ ਮੁੱਖ ਮੰਤਰੀ ਪੰਜਾਬ ਵੱਲੋਂ 37 ਸ਼ੀਹਰੀ ਸੰਸਥਾਂਵਾਂ ਨੂੰ 58 ਕਰੋੜ ਰੁਪਏ ਦੇ ਚੈੱਕ ਸ਼ਹਿਰੀ ਵਿਕਾਸ ਲਈ ਸੌਂਪੇ ਗਏ ਹਨ ਅਤੇ ਪੇਂਡੂ ਵਿਕਾਸ ਲਈ ਵੀ ਜਲਦ ਹੀ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਪੰਚਾਇਤੀ ਤੇ ਸਥਾਨਕ ਸੰਸਥਾਂਵਾਂ 'ਚ ਮਹਿਲਾਵਾਂ ਨੂੰ 50 ਫੀਸਦੀ ਭਾਗੀਦਾਰੀ ਦੇ ਕੇ ਪੰਜਾਬ ਸਰਕਾਰ ਨੇ ਮਹਿਲਾ ਸਸ਼ਕਤੀਕਰਣ ਦੀ ਸਭ ਤੋਂ ਵੱਡੀ ਹਾਮੀ ਹੋਣ ਦਾ ਪ੍ਰਮਾਣ ਦਿੱਤਾ ਹੈ। ਲੁਧਿਆਣਾ 'ਚ ਆਰ. ਐੱਸ. ਐੱਸ. ਦੇ ਆਗੂ ਗੋਸਾਈ ਦੀ ਹੋਈ ਹੱਤਿਆ ਦੀ ਘਟਨਾ 'ਤੇ ਅਫਸੋਸ ਜ਼ਾਹਰ ਕਰਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਕ ਘਟਨਾ ਕਾਫੀ ਬੁਰੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਅਜਿਹੀ ਘਟਨਾ ਨੂੰ ਅੰਜਾਮ ਦੇਣ ਪੰਜਾਬ 'ਚ ਅਮਨ ਸ਼ਾਂਤੀ ਭੰਗ ਕਰਨ ਦੀ ਸਾਜਿਸ਼ ਹੈ। ਪੰਜਾਬੀ ਲੋਕ ਕਿਸੇ ਦੇ ਨਾਲ ਅਜਿਹਾ ਨਹੀਂ ਕਰ ਸਕਦੇ। ਇਸ ਦੇ ਦੋਸ਼ੀਆਂ ਨੂੰ ਜਲਦ ਹੀ ਫੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਦੇ ਦੋਸ਼ੀ ਫੜੇ ਜਾਣਗੇ ਤਾਂ ਸੱਚ ਸਾਹਮਣੇ ਆਵੇਗਾ ਕਿ ਕਿਸ ਦੀ ਸਾਜਿਸ਼ ਦੇ ਤਹਿਤ ਘਟਨਾ ਨੂੰ  ਅੰਜਾਮ ਦਿੱਤਾ ਗਿਆ ਹੈ। ਨਵÎਾਂਸ਼ਹਿਰ ਪਹੁੰਚਣ 'ਤੇ ਤਾਰਾ ਸਿੰਘ ਕਾਹਮਾ ਰੈੱਡਕ੍ਰਾਸ ਸਪੇਸ਼ਲ ਸਕੂਲ ਦੇ ਬੱਚਿਆਂ ਵੱਲੋਂ ਉਨ੍ਹਾਂ ਨੂੰ ਦੀਵਾਲੀ ਦੇ ਮੌਕੇ 'ਤੇ ਕਾਰਡ ਭੇਂਟ ਕੀਤਾ। ਪੱਤਰਕਾਰਾਂ ਦੇ ਪਰਾਲੀ ਸਾੜਨ ਦੇ ਸੁਆਲ 'ਤੇ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪਹਿਲਾਂ ਕੇਂਦਰ ਸਰਕਾਰ ਪਾਸੋਂ 200 ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਆਖਿਆ ਕਿ ਖੁਦ ਇਕ ਕਿਸਾਨ ਹੋਣ ਦੇ ਨਾਤੇ ਉਹ ਕਿਸਾਨਾਂ ਦਾ ਦਰਦ ਮਹਿਸੂਸ ਕਰਦੇ ਹਨ ਪਰ ਵਾਤਾਵਰਣ ਅਤੇ ਚੌਗਿਰਦੇ ਨੂੰ ਸਵੱਛ ਰੱਖਣਾ ਵੀ ਸਾਡੀ ਜ਼ਿੰਮੇਂਵਾਰੀ ਦਾ ਹਿੱਸਾ ਹੈ।  
ਉਨ੍ਹਾਂ ਨੇ ਖੇਤੀ ਕਰਜਿਆਂ ਬਾਰੇ ਪੁੱਛੇ ਜਾਣ 'ਤੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ 2 ਲੱਖ ਤੱਕ ਦੇ ਖੇਤੀ ਕਰਜੇ ਮੁਆਫ ਕੀਤੇ ਜਾ ਰਹੇ ਹਨ ਅਤੇ ਢਾਈ ਏਕੜ ਤੱਕ ਵਾਲੇ ਕਿਸਾਨਾਂ ਦੇ ਇਸ ਤੋਂ ਵੀ ਵਧੇਰੇ ਕਰਜੇ ਮੁਆਫ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਨ ਬਾਅਦ ਲੋਕਾਂ ਨਾਲ ਚੋਣ ਘੋਸ਼ਣਾ ਪੱਤਰਾਂ 'ਚ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਨਵਾਂਸ਼ਹਿਰ ਦੇ ਬਾਰਾਂਦਰੀ ਬਾਗ 'ਚ ਸੋਲਰ ਲਾਈਟਾਂ ਲਾਉਣ ਲਈਨ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਵਿਖੇ ਜੋੜ ਮੇਲੇ 'ਤੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਨਾਭ ਕੰਵਲ ਰਾਜਾ ਸਾਹਿਬ ਜਿਹੇ ਤਪਸੱਵੀਂ ਮਹਾਂਪੁਰਸ਼ ਕਦੇ-ਕਦੇ ਹੀ ਜਨਮ ਲੈਂਦੇ ਹਨ ਅਤੇ ਉਨ੍ਹਾਂ ਵੱਲੋਂ ਇਸ ਇਲਾਕੇ 'ਚ ਵੱਖ-ਵੱਖ ਥਾਂਵਾਂ ਨੂੰ ਆਪਣੀ ਤਪੋਸਥਲੀ ਬਣਾ ਕੇ ਇਲਾਕੇ ਦਾ ਕਲਿਆਣ ਕੀਤਾ ਗਿਆ ਹੈ। ਉਨ੍ਹਾਂ ਨੇ ਐੱਨ. ਆਰ. ਆਈਜ਼. ਜਰਨੈਲ ਸਿੰਘ ਗੋਸਲ, ਜਰਨੈਲ ਸਿੰਘ ਪੂਨੀ ਅਤੇ ਗੁਰਚਰਨ ਸਿੰਘ ਗਿੱਲ ਵੱਲੋਂ ਵਿਦੇਸ਼ ਵਸਦੇ ਸ਼ਰਧਾਲੂਆਂ ਦੀ ਸਹਾਇਤਾ ਨਾਲ ਭਰੋਮਜਾਰਾ ਵਿਖੇ ਚਲਾਏ ਜਾ ਰਹੇ ਬਿਰਧ ਆਸ਼ਰਮ 'ਚ ਇਕੱਲਤਾ ਦਾ ਸ਼ਿਕਾਰ ਬਜ਼ੁਰਗਾਂ ਦੀ ਸੇਵਾ ਸੰਭਾਲ ਦਾ ਕੰਮ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਆਖਿਆ ਕਿ ਸਭ ਤੋਂ ਵੱਡਾ ਤੀਰਥ ਸਥਾਨ ਸਾਡੇ ਮਾਂ-ਬਾਪ ਹੁੰਦੇ ਹਨ ਅਤੇ ਸਾਨੂੰ ਉਨ੍ਹਾਂ ਦੀ ਸਾਂਭ-ਸੰਭਾਲ 'ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਆਖਿਆ ਕਿ ਦੋਆਬੇ ਵਿਚੋਂ ਵੱਡੀ ਗਿਣਤੀ 'ਚ ਲੋਕਾਂ ਦੇ ਵਿਦੇਸ਼ ਜਾਣ ਨਾਲ ਪਿੱਛੇ ਘਰਾਂ 'ਚ ਬਜ਼ੁਰਗਾਂ ਦੀ ਇਕੱਲਤਾ ਵਧਦੀ ਜਾ ਰਹੀ ਹੈ ਜਿਸ ਲਈ ਅਜਿਹੇ ਬਿਰਧ ਆਸ਼ਰਮ ਮਾਨਵਤਾ ਦੀ ਸੇਵਾ ਦਾ ਵਧੀਆ ਉਪਰਾਲਾ ਹਨ। ਉਨ੍ਹਾਂ ਨੇ ਇਸ ਮੌਕੇ ਪਿੰਡ ਦੇ ਛੱਪੜ ਅਤੇ ਬਿਰਧ ਆਸ਼ਰਮ ਤੱਕ ਆਉਂਦੀ ਸੜ੍ਹਕ ਬਣਾਏ ਜਾਣ ਦੀ ਮੰਗ 'ਤੇ ਬੀ. ਡੀ. ਪੀ. ਓ. ਬੰਗਾ ਨੂੰ ਐਸਟੀਮੇਟ ਲਗਵਾ ਕੇ ਭੇਜਣ ਲਈ ਆਖਿਆ ਤਾਂ ਜੋ ਗਰਾਂਟ ਜਾਰੀ ਕੀਤੀ ਜਾ ਸਕੇ। 
ਇਸ ਮੌਕੇ ਸਾਬਕਾ ਮੈਂਬਰ ਲੋਕ ਸਭਾ ਅਤੇ ਕਾਂਗਰਸ ਦੇ ਪ੍ਰਦੇਸ਼ ਉੱਪ ਪ੍ਰਧਾਨ ਸਤਨਾਮ ਸਿੰਘ ਕੈਂਥ, ਐੱਮ. ਐੱਲ. ਏ. ਬਲਾਚੌਰ ਚੌ. ਦਰਸ਼ਨ ਲਾਲ ਅਤੇ ਐੱਮ. ਐੱਲ. ਏ. ਨਵਾਂਸ਼ਹਿਰ ਅੰਗਤ ਸਿੰਘ ਤੋਂ ਇਲਾਵਾ ਬਿਰਧ ਆਸ਼ਰਮ ਕਮੇਟੀ ਦੇ ਪ੍ਰਧਾਨ ਦ੍ਰਵਜੀਤ ਸਿੰਘ ਪੂਨੀ, ਬਾਬਾ ਬਲਵੰਤ ਸਿੰਘ, ਰਘਬੀਰ ਸਿੰਘ ਬਿੱਲਾ ਬਲਾਕ ਪ੍ਰਧਾਨ ਕਾਂਗਰਸ, ਸੀਨੀਅਰ ਕਾਂਗਰਸ ਆਗੂ ਚਮਨ ਸਿੰਘ ਭਾਨਮਜਾਰਾ, ਐੱਸ. ਡੀ. ਐੱਮ. ਬੰਗਾ ਅਦਿਤਿਆ ਉੱਪਲ, ਡੀ. ਡੀ. ਪੀ. ਓ. ਬਲਜੀਤ ਸਿੰਘ ਕੈਂਥ ਅਤੇ ਬੀ. ਡੀ. ਪੀ. ਓ. ਰਾਜੇਸ਼ ਚੱਢਾ ਮੌਜੂਦ ਸਨ। ਬਾਜਵਾ ਭਰੋ ਮਜਾਰਾ ਜਾਣ ਤੋਂ ਪਹਿਲਾਂ ਕੁਝ ਸਮੇਂ ਲਈ ਖਟਕੜ ਕਲਾਂ ਵਿਖੇ ਵੀ ਰੁਕੇ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ 'ਤੇ ਨਤਮਸਤਕ ਹੋਣ ਬਾਅਦ, ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਸ਼ਰਧਾ ਸੁਮਨ ਅਰਪਿਤ ਕਰਨ ਵੀ ਪੁੱਜੇ। ਇਸ ਤੋਂ ਬਾਅਦ ਉਹ ਕੁਝ ਸਮੇਂ ਲਈ ਸਾਬਕਾ ਐੱਮ.ਪੀ. ਅਤੇ ਕਾਂਗਰਸ ਦੇ ਪ੍ਰਦੇਸ਼ ਉੱਪ ਪ੍ਰਧਾਨ ਸਤਨਾਮ ਸਿੰਘ ਕੈਂਥ ਦੇ ਘਰ ਪਿੰਡ ਸੋਤਰਾਂ ਵਿਖੇ ਵੀ ਗਏ। ਨਵਾਂਸ਼ਹਿਰ ਵਿਖੇ ਪੰਚਾਇਤ ਸਮਿਤੀ ਰੈਸਟ ਹਾਊਸ ਵਿਖੇ 'ਗਾਰਡ ਆਫ ਆਨਰ' ਲੈਣ ਮੌਕੇ ਬਾਜਵਾ ਨਾਲ ਐੱਮ. ਐੱਲ. ਏ. ਬਲਾਚੌਰ ਚੌ. ਦਰਸ਼ਨ ਲਾਲ ਅਤੇ ਐੱਮ. ਐੱਲ. ਏ. ਨਵਾਂਸ਼ਹਿਰ ਅੰਗਤ ਸਿੰਘ ਤੋਂ ਇਲਾਵਾ ਡੀ. ਸੀ. ਸੋਨਾਲੀ ਗਿਰਿ, ਐੱਸ. ਐੱਸ. ਪੀ. ਸਤਿੰਦਰ ਸਿੰਘ ਮੌਜੂਦ ਸਨ।


Related News