ਟ੍ਰੈਫਿਕ ਸਮੱਸਿਆ ਪ੍ਰਤੀ ਪ੍ਰਸ਼ਾਸਨ ਹੋਇਆ ਸਖਤ

08/17/2017 11:26:56 AM

ਗੜ੍ਹਦੀਵਾਲ(ਜਤਿੰਦਰ)— ਗੜ੍ਹਦੀਵਾਲਾ ਮੇਨ ਰੋਡ 'ਤੇ ਦਿਨੋ-ਦਿਨ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਡੀ. ਐੱਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਦੇ ਹੱਲ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਹੁਸ਼ਿਆਰਪੁਰ ਨੂੰ ਜਾਣ ਵਾਲੀਆਂ ਬੱਸਾਂ ਡੀ. ਏ. ਵੀ. ਸਕੂਲ ਮੂਹਰੇ ਬਣੇ ਬੱਸ ਸਟਾਪ ਕੋਲ ਸਵਾਰੀਆਂ ਨੂੰ ਉਤਾਰਨਗੀਆਂ ਤੇ ਚੜ੍ਹਾਉਣਗੀਆਂ, ਜਦਕਿ ਦਸੂਹਾ ਨੂੰ ਜਾਣ ਵਾਲੀਆਂ ਬੱਸਾਂ ਖਾਲਸਾ ਕਾਲਜ ਨਜ਼ਦੀਕ ਬੱਸ ਸਟਾਪ ਕੋਲ ਸਵਾਰੀਆਂ ਨੂੰ ਉਤਾਰਨਗੀਆਂ ਅਤੇ ਚੜ੍ਹਾਉਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਟ੍ਰੈਫਿਕ ਦੀ ਵਿਗੜਦੀ ਸਥਿਤੀ ਵਿਚ ਕਾਫੀ ਸੁਧਾਰ ਹੋਵੇਗਾ ਅਤੇ ਇਸ ਸਬੰਧ 'ਚ ਜਲਦੀ ਹੀ ਉਕਤ ਬੱਸ ਸਟਾਪਾਂ 'ਤੇ ਬੱਸਾਂ ਦੇ ਰੂਟ ਵੀ ਲਿਖਵਾ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਉਕਤ ਬੱਸ ਸਟਾਪਾਂ 'ਤੇ ਪੇਂਟ ਆਦਿ ਵੀ ਕਰਵਾ ਦਿੱਤਾ ਗਿਆ ਹੈ। 
ਇਥੇ ਵਰਣਨਯੋਗ ਹੈ ਕਿ ਗੜ੍ਹਦੀਵਾਲਾ ਮੇਨ ਰੋਡ ਅਤੇ ਬੱਸ ਸਟੈਂਡ 'ਤੇ ਟ੍ਰੈਫਿਕ ਦੀ ਸਮੱਸਿਆ ਇੰਨੀ ਜ਼ਿਆਦਾ ਵਧ ਗਈ ਹੈ ਕਿ ਰਾਹਗੀਰਾਂ ਲਈ ਸੜਕ ਕਰਾਸ ਕਰ ਪਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਅਕਸਰ ਰੋਡ 'ਤੇ ਵਾਹਨਾਂ ਦਾ ਜਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਲੋਕ ਡਾਢੇ ਪਰੇਸ਼ਾਨ ਹਨ। ਇਸ ਸਬੰਧੀ ਜਗ ਬਾਣੀ ਵੱਲੋਂ ਕਈ ਵਾਰ ਖਬਰਾਂ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਅਤੇ ਲੋਕਾਂ ਵੱਲੋਂ ਵੀ ਅਧਿਕਾਰੀਆਂ ਨੂੰ ਇਸ ਦੇ ਹੱਲ ਲਈ ਕਿਹਾ ਜਾਂਦਾ ਰਿਹਾ ਹੈ। 
ਗਲਤ ਪਾਰਕਿੰਗ 'ਤੇ ਵੀ ਕੱਸਣਾ ਪਵੇਗਾ ਸ਼ਿਕੰਜਾ         
ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਕਤ ਫੈਸਲੇ ਕਾਰਨ ਮੇਨ ਰੋਡ 'ਤੇ ਟ੍ਰੈਫਿਕ ਦੀ ਸਮੱਸਿਆ ਵਿਚ ਥੋੜ੍ਹਾ ਸੁਧਾਰ ਤਾਂ ਹੋ ਸਕਦਾ ਹੈ ਪਰ ਪ੍ਰਸ਼ਾਸਨ ਨੂੰ ਇਸ ਦੇ ਨਾਲ-ਨਾਲ ਮੇਨ ਰੋਡ 'ਤੇ ਲੋਕਾਂ ਵੱਲੋਂ ਗਲਤ ਢੰਗ ਨਾਲ ਵਾਹਨਾਂ ਦੀ ਕੀਤੀ ਜਾਂਦੀ ਪਾਰਕਿੰਗ 'ਤੇ ਵੀ ਸ਼ਿਕੰਜਾ ਕੱਸਣਾ ਪਵੇਗਾ ਕਿਉਂਕਿ ਜ਼ਿਆਦਾਤਰ ਜਾਮ ਰੋਡ 'ਦੇ ਕਿਨਾਰਿਆਂ 'ਤੇ ਗਲਤ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਵਾਹਨਾਂ ਕਾਰਨ ਲੱਗਦਾ ਹੈ। ਚਾਲਕ ਵਾਹਨ ਖੜ੍ਹੇ ਕਰਕੇ ਬਾਜ਼ਾਰਾਂ ਵਿਚ ਖਰੀਦਦਾਰੀ ਆਦਿ ਲਈ ਚਲੇ ਜਾਂਦੇ ਹਨ ਅਤੇ ਮੋਟਰਸਾਈਕਲ ਸਵਾਰ ਵੀ ਸੜਕ ਦੇ ਆਸ-ਪਾਸ ਵਾਹਨ ਖੜ੍ਹੇ ਕਰ ਕੇ ਆਪਣੇ ਕੰਮਾਂ ਨੂੰ ਚਲੇ ਜਾਂਦੇ ਹਨ, ਜਿਸ ਕਾਰਨ ਜਾਮ ਲੱਗ ਜਾਂਦਾ ਹੈ।


Related News